Thursday , 9 May 2024
Thursday , 9 May 2024

ਪੰਜਾਬ ਵਿੱਚ ਪਾਣੀ ਦਾ ਸੰਕਟ ਤੇ ਇਸ ਦਾ ਜ਼ਰੂਰੀ ਹੱਲ

top-news
  • 01 Nov, 2022

By ਪਰਮਿੰਦਰ ਸਿੰਘ ਬਲ  

ਅਸੀਂ ਬੜੇ ਸਾਲਾਂ ਤੋ ਇਹ ਦੇਖ ਰਹੇ ਹਾਂ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਪਾਣੀ ਦਾ ਸੰਕਟ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਸ ਦੀ ਸਮੱਸਿਆ ਦਾ ਕਾਰਨ ਬੜੇ ਸਾਲਾਂ ਤੋ ਪਾਣੀ ਦੀ ਸਹੀ ਵਰਤੋ ਨਾ ਕਰਨਾ ਵੀ ਹੈ ਅਤੇ ਸਮੱਸਿਆ, ਪਾਣੀ ਨੂੰ ਮੈਨੇਜ (ਕੰਟਰੋਲ) ਦੀ ਵੀ ਰਹੀ ਹੈ।

ਪਿਛਲੇ ਸਮਿਆਂ ਵਿੱਚ ਜਿਉਂ ਜਿਉਂ ਪਾਣੀ ਦੀ ਸਤਹ ਨੀਵੀਂ ਹੁੰਦੀ ਰਹੀ, ਲੋਕ ਆਪਣੀ ਲੋੜ ਅਨੁਸਾਰ ਟਿਊਬਵੈਲਾਂ ਮੋਟਰਾਂ ਨੂੰ ਉਸੇ ਲੋੜ ਆਧਾਰ ਨੀਵਾਂ ਕਰਕੇ ਪਾਣੀ ਖਿੱਚਦੇ ਰਹੇ। ਇਸ ਤਰਾਂ ਸਮੱਸਿਆ ਹੋਰ ਵਧਦੀ ਰਹੀ, ਸਰਕਾਰੀ ਢਾਂਚੇ ਨੇ ਵੀ ਕੋਈ ਤਸਲੀਬਖਸ਼ ਧਿਆਨ ਨਹੀਂ ਦਿੱਤਾ। ਇਸ ਆਪ ਮੁਹਾਰੇ ਤਰੀਕੇ ਦਾ ਨਤੀਜਾ ਸਾਹਮਣੇ ਹੈ। ਕਿਤਨੇ ਭੀ ਚਿੰਤਤ ਤੇ ਖੋਜੀ ਲੋਕ ਇਸ ਬਾਰੇ ਗੱਲ ਕਰਦੇ ਹਨ, ਉਹ ਸਿਰਫ਼ ਸਮੱਸਿਆਵਾਂ ਦਾ ਹੀ ਜ਼ਿਕਰ ਕਰਦੇ ਹਨ, ਲੋਕਾਂ ਨੂ ਇਕ ਖ਼ੌਫ਼ਨਾਕ ਆਉਂਦੇ ਹਾਲਾਤ ਦਾ ਡਰਾਵਾ ਹੀ ਦਿੰਦੇ ਰਹਿੰਦੇ ਹਨ। ਪੈਦਾ ਹੋਈ ਜਾਂ ਕੀਤੀ ਗਈ ਸਮੱਸਿਆ ਤੇ ਕੰਟਰੋਲ ਕਰਨ ਦਾ ਕੋਈ ਕੋਈ ਠੋਸ ਹੱਲ ਨਹੀਂ ਦੱਸਦੇ। ਜ਼ਿਹਨਾਂ ਦਰਿਆਵਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਅਜ ਦੇ ਹਾਲਾਤ ਵਿੱਚ ਦਰਿਆਵਾਂ ਵਿੱਚ ਪਾਣੀ ਸੰਭਾਲ਼ਣ ਦੀ ਕੋਈ ਸਮਰੱਥਾ ਨਹੀਂ ਰਹੀ। 

ਪੰਜਾਬ ਦੇ ਦਰਿਆ ਪੱਧਰੀ ਦਿਸ਼ਾ ਵਰਗੇ ਹਨ। ਦਰਿਆਵਾਂ ਵਿੱਚ ਆਮ ਖੇਤਾਂ ਵਾਂਗ ਪੈਦਾ ਹੋਇਆ ਘਾਹ ਅਤੇ ਹਰਿਆਵਲ ਹੀ ਦਿਸਦੀ ਹੈ, ਪਾਣੀ ਬਹੁਤ ਘੱਟ ਅਤੇ ਨਾਮ ਮਾਤਰ ਹੀ ਹੈ। ਹੁਣ ਜੇ ਦਰਿਆ ਆਪਣੇ ਅੰਦਰ ਪਾਣੀ ਜਮਾਂ ਨਹੀਂ ਰੱਖਦੇ ਤਾਂ ਜ਼ਮੀਨੀ ਪਾਣੀ ਦੀ ਹੋਂਦ ਕਿੱਥੋਂ ਤੱਕ ਬਚ ਸਕੇਗੀ | ਦਰਿਆਵਾਂ ਦੇ ਤਲ ਦੀ ਦਿਸ਼ਾ ਇਕ ਗੰਜੇ ਸਿਰ ਵਰਗੀ ਹੈ। ਜਿਸ ਉੱਤੇ ਪਾਣੀ ਤਾਂ ਕੀ ਕੁਝ ਬੂੰਦਾਂ ਭੀ ਇਕੱਠੀਆਂ ਕਰਨੀਆਂ ਕਠਨ ਹਨ। ਦਰਿਆ ਦੇ ਵਿਚਲੇ ਸਤਹ ਤੇ ਕਈ ਥਾਈਂ ਬੱਕਰੀ ਨੂੰ ਵੀ ਡੁੱਬਣ ਲਈ ਜਗਾਹ ਲਭਣੀ ਪਵੇਗੀ, ਜਿੱਥੇ ਦਰਿਆਵਾਂ ਵਿੱਚ ਆਮ ਬੇੜੇ ਅਤੇ ਬੇੜੀਆਂ ਚੱਲਣ ਦਾ ਵਗਦੇ ਦਰਿਆਵਾਂ ਦਾ ਇਤਿਹਾਸ ਰਿਹਾ ਹੈ। ਇਸ ਲਈ ਦਰਿਆਵਾਂ ਦਾ ਲੋੜ ਤੋ ਵੱਧ ਡੂੰਘੇ ਰਹਿਣਾਂ ਜ਼ਰੂਰੀ ਹੈ। 

ਯੂਰਪ ਅਤੇ ਦੁਨੀਆ ਦੇ ਬਹੁਤੇ ਮੁਲਕਾਂ ਵਿੱਚ ਤਾਂ ਬਰਸਾਤਾਂ ਦੇ ਪਾਣੀ ਨੂੰ ਜਮਾਂ ਕਰਕੇ ਪਾਣੀ ਦੀ ਲੋੜ ਪੂਰੀ ਹੁੰਦੀ ਹੈ। ਸਾਡੇ ਦੇਸ਼ ਵਿੱਚ ਪਾਣੀ ਨੂੰ ਕੰਟਰੋਲ ਕਰਨ ਦਾ ਕੋਈ ਭੀ ਵਸੀਲਾ ਪੈਦਾ ਨਹੀਂ ਕੀਤਾ ਗਿਆ। ਲੰਦਨ ਦਾ ਥੇਮਜ ਦਰਿਆ 75 ਫੁੱਟ ਤੋ ਜ਼ਿਆਦਾ ਡੂੰਘਾ ਹੈ, ਬਾਕੀ ਦਰਿਆਵਾਂ ਦੇ ਵਹਿਣ ਵੀ ਇਸੇ ਮਿਕਦਾਰ ਡੂੰਘੇ ਰਹਿਣੇ, ਰੱਖਣੇ ਲਾਜ਼ਮੀ ਹਨ। ਛੋਟੇ ਬੇੜਿਆਂ ਤੋ ਵੱਡੇ ਸਮੁੰਦਰੀ ਜਹਾਜ਼ ਦੇ ਆਕਾਰ ਵਾਲੇ ਬੇੜੇ ਇਹਨਾਂ ਦਰਿਆਵਾਂ ਵਿੱਚ ਵਿਚਰਦੇ ਹਨ। ਕੰਪਣੀਆ ਮਾਲ ਦੀ ਢੋਆ ਢੁਆਈ ਦਾ ਕੰਮ ਅਤੇ ਸੈਲਾਨੀਆਂ ਦੇ ਕੇਂਦਰ ਹਨ। 75,ਫੁੱਟ ਇਹ ਡੁੰਘਾਈ ਇਕ ਕੰਡੇ ਤੋ ਦੂਜੇ ਕੰਡੇ ਤੱਕ ਹੈ। ਦਰਿਆ ਤੇ ਡੂੰਘੀ ਝੀਲ ਵਿੱਚ ਕੋਈ ਫਰਕ ਨਹੀਂ ਲੱਗਦਾ। ਪਾਣੀ ਰੋਕ ਕੇ ਜਮਾਂ ਰੱਖਣ ਲਈ ਦਰਿਆਵਾਂ ਨੂੰ ਕੋਈ ਚਾਰ ਚਾਰ ਮੀਲ ਤੇ ਲੌਕਿੰਗ ਸਿਸਟਮ ਰਾਹੀ, ਛੋਟੇ ਡੈਮ ਬੰਨਾਂ ਦੁਆਰਾ ਪਾਣੀ ਬੰਨਿਆਂ (ਰੋਕਿਆ ) ਜਾਂਦਾ ਹੈ। ਇਸ ਵੱਡੇ ਤਾਲਾਬ ਦੀ ਸ਼ਕਲ ਵੀ ਵੱਡੀ ਝੀਲ ਵਰਗੀ ਹੈ। ਇਸ ਪਾਣੀ ਦੀ ਸਪਲਾਈ ਸਾਰਾ ਸਾਲ ਚਾਲੂ ਰਹਿੰਦੀ ਹੈ । ਜਦ ਭਾਰੀ ਬਰਸਾਤਾਂ, ਮੀਂਹ ਪੈਂਦੇ ਹਨ ਤਾਂ ਉਹ ਪਾਣੀ ਵੀ ਇਹਨਾਂ ਦਰਿਆਵਾਂ ਦੇ ਬਣੇ ਰੈਜਰਵਾਰਾਂ(ਤਾਲਾਬਾਂ) ਵਿੱਚ ਪੰਪਿੰਗ ਕਰਕੇ ਪਾਇਆ ਜਾਂਦਾ ਹੈ।

ਅੱਜ ਸਭ ਤੋ ਵੱਧ ਲੋੜ ਇਹੀ ਕਿ ਦਰਿਆਵਾਂ ਨੂੰ ਡੂੰਘੇ ਕਰਕੇ ( 60 ਤੋ 70 ਫੁੱਟ ਤੱਕ) ਉਹਨਾਂ ਪਾਣੀ ਦੇ ਨਿਵਾਣ ਦੇ ਅਨੁਮਾਨ ਅਨੁਸਾਰ ਹਰ ਚਾਰ ਜਾਂ ਪੰਜ ਮੀਲ ਤੇ ਦੋ ਬੰਨ ਬੰਨ ਕੇ ਵੱਡੇ ਵੱਡੇ ਰੈਜਰਵਾਇਰ (ਵੱਡੀ ਝੀਲ ਦੇ ਆਕਾਰ ਵਰਗੇ) ਬਣਾਏ ਜਾਣ। ਕੰਢਿਆਂ ਤੇ ਆਵਾਜਾਈ ਲਈ ਪੱਕੀਆਂ ਸੜਕਾਂ ਬਣਨ, ਹਰ ਰੈਜਰਵਾਇਰ ਦੇ ਚੌਹਾਂ ਕੰਢਿਆਂ ਤੇ ਛੋਟੀ ਕਿਸਮ ਦੀ ਆਬਾਦੀ ਦੇ ਘਰ ਵਸਾਏ ਜਾਣ। ਇਹ ਰੈਜਰਵਾਇਰ ਡੈਮ ਉਚੇ ਰੱਖਕੇ, ਜਦ ਹੜ, ਬਰਸਾਤਾਂ ਦਾ ਪਾਣੀ ਆਉਂਦਾ ਤਾਂ ਉਹ ਵੀ ਪੰਪਿੰਗ ਰਾਹੀ ਇਹਨਾਂ ਰੈਜਰਵਾਇਰਾਂ ਵਿੱਚ ਪਾਇਆ ਜਾਵੇ। ਇਹ ਰੈਜਰਵਾਇਰ ਢਾਂਚਾ ਮੱਛੀ ਪਾਲਣ ਅਤੇ ਵੱਸੋਂ ਕਾਇਮ ਰੱਖਕੇ ਵਪਾਰਕ ਖੇਤਰ ਬਣਾਏ ਜਾ ਸਕਦੇ ਹਨ। ਇਸ ਉਪਰੰਤ ਦਰਿਆਵਾਂ ਵਿੱਚ ਜਹਾਜ਼, ਵੱਡੇ, ਛੋਟੇ ਬੇੜੇ ਚਲ ਸਕਦੇ ਹਨ। ਇਹ ਤਰੀਕਾ ਪੱਛਮੀ ਮੁਲਕਾਂ ਵਿੱਚ ਸਮਾਨ ਢੋਣ, ਮੁਸਾਫ਼ਰਾਂ ਅਤੇ ਸੈਲਾਨੀਆਂ ਲਈ ਵਰਤਿਆਂ ਜਾਂਦਾ ਹੈ। ਇਹ ਪਾਣੀ ਸਾਂਭਣ ਦਾ ਹੱਲ ਹੈ ਜੋ ਦੁਨੀਆ ਵਰਤ ਰਹੀ ਹੈ, ਅਸੀਂ ਅਜੇ ਭੀ ਸੋਚ ਹੀ ਨਹੀਂ ਰਹੇ। ਸਿਰਫ਼ ਸੰਕਟ ਅਤੇ ਸੰਕਟ ਦੇ ਵਰਤਾਰੇ ਦੀ ਹੀ ਗੱਲ ਕਰਦੇ ਹਾਂ। 

ਮੈ ਹੈਰਾਨ ਹਾਂ ਕਿ ਅਸੀਂ ਸਿਰਫ਼ ਇਕ ਘਟੀਆ ਸੋਚ ਦੇ ਢਹੇ ਚੜ ਕੇ ਇਹੀ ਕਹੀ ਜਾ ਰਹੇ ਹਾਂ ਕਿ ਪੰਜਾਬ ਮਾਰੂਥਲ ਬਣ ਰਿਹਾ ਹੈ। ਅੱਜ ਜਿੱਥੇ ਸੰਸਾਰ ਨੇ ਉਪਰੋਕਤ ਹੱਲ ਨਾਲ ਪਾਣੀ ਬਾਰੇ ਸੰਜੀਦਾ ਜ਼ਿੰਦਗੀ ਹੱਲ ਚੁਣ ਲਈ ਹੈ। ਕੀ ਕਾਰਨ ਹੈ ਕਿ ਸਾਡੇ ਖੋਜੀਆਂ ਦੀ ਸਾਇੰਸ ਅਤੇ ਕੰਮ ਕਰਨ ਦੇ ਢੰਗ ਸਿਰਫ਼ ਸੰਕਟ ਦਾ ਢੰਡੋਰਾ ਪਿੱਟਣ ਤੱਕ ਕਿਉਂ ਰਹਿੰਦੇ ਹਨ?  ਹਾਂ ਇਹ ਗੱਲ ਜ਼ਰੂਰ ਹੈ ਉਪਰੋਕਤ ਢੰਗਾਂ ਨਾਲ ਪਾਣੀ ਸੰਭਾਲ਼ਣ ਲਈ ਢਾਂਚਾ ਬਣਾਉਣ ਲਈ ਬਹੁਤ ਸ਼ਰਮਾਏ ਦੀ ਲੋੜ ਹੈ। ਪਰ ਹੱਲ ਅਜਿਹੇ ਹੀ ਹਨ, ਢੰਗ ਅਜਿਹੇ ਹੀ ਅਪਣਾਉਣੇ ਜ਼ਰੂਰੀ ਹਨ। 

ਪਾਠਕਾਂ ਲਈ ਜਾਨਣਾ ਜ਼ਰੂਰੀ ਹੈ ਕਿ ਲਾਕਿੰਗ ਸਿਸਟਮ ਕੀ ਹੈ। ਇਸ ਸਿਸਟਮ ਰਾਹੀ ਬਣੇ ਰੈਜਰਵਾਇਰ (ਝੀਲ) ਨੂੰ ਦਰਿਆ ਦੇ ਨਿਕਾਸਾਂ ਦੀ ਦਿਸ਼ਾ ਤੋ ਦਿਨਾਂ ਪਾਸਿਆਂ ਤੋ ਫਾਟਕਾਂ ਵਰਗੇ ਡੈਮ ਗੇਟ ਬਣਦੇ ਹਨ। ਇਹ ਗੇਟ ਇਕ ਪਾਸੇ ਤੋ ਅੰਦਰ ਦਾਖਲ ਤੇ ਦੂਜੇ ਪਾਸੇ ਤੋ ਬਾਹਰ ਜਾਣ ਵਾਲੇ ਬੇੜੇ, ਜਹਾਜ਼ ਦੀ ਆਵਾਜਾਈ ਲਈ ਵਰਤੇ ਜਾਂਦੇ ਹਨ। ਇਹਨਾਂ ਗੇਟਾਂ ਰਾਹੀ ਪਾਣੀ ਦਾ ਲੈਵਲ ਇਕ ਕੰਟਰੋਲ ਸਤਹ ਵਿੱਚ ਰੱਖਿਆ ਜਾਂਦਾ ਹੈ। ਇਹ ਵਿਅਰਥ ਬਹਿਸ ਹੈ ਕਿ ਪੰਜਾਬ ਦੀ ਪਾਣੀ ਦੀ ਸਮੱਸਿਆ ਨੂੰ ਅੱਜ ਤੱਕ ਪੰਜਾਬ ਤੇ ਹਰਿਆਣੇ ਦੇ ਟਕਰਾਅ ਦਾ ਮਸਲਾ ਬਣਾ ਕੇ ਬੇਤੁਕਾ ਸੁਭਾਅ ਬਣਾ ਲਿਆ ਹੈ। ਹਿਰਆਣੇ ਕੋਲ ਭੀ ਜਮਨਾ ਤੇ ਘੱਗਰ ਦਰਿਆ ਹਨ , ਜਦ ਪੰਜਾਬ ਕੋਲ ਰਾਵੀ ,ਸਤਲੁਜ , ਬਿਆਸ ਹਨ। ਇਹ ਦੋਨੋ ਪ੍ਰਦੇਸ਼ ਇਕ ਦੂਜੇ ਨਾਲ ਮਿਲਵਰਤਣ ਕਰਕੇ ਸਾਰੇ ਦਰਿਆਈ ਪਾਣੀਆਂ ਨੂੰ ਨਵੇਂ ਯੁੱਗ ਅਤੇ ਯੁਰਪੀਨ  ਢੰਗ ਦਾ ਢਾਂਚਾ ਬਣਾ ਕੇ ਸਮੱਸਿਆ ਦਾ ਹੱਲ ਕੱਢ ਸਕਦੇ ਹਨ।

ਲੇਖਕ ਸਿੱਖ ਫੈਡਰੇਸ਼ਨ, ਯੂ ਕੇ ਦੇ ਪ੍ਰਧਾਨ ਹਨ

email: psbal46@gmail.com


Leave a Reply

Your email address will not be published. Required fields are marked *

0 Comments