Sunday , 19 May 2024
Sunday , 19 May 2024

ਪੰਜਾਬ ਦਾ ਮਾਣ : ਪੰਜਾਬੀ ਸੰਗੀਤ

top-news
  • 21 Feb, 2022

ਹਰਸ਼ਿਤਾ ਪਰਾਸ਼ਰ


ਕੱਲ੍ਹ ਮੈਨੂੰ ਇੱਕ ਬਹੁਤ ਹੀ ਅਨੋਖਾ ਵੀਡੀਓ ਵੇਖਣ ਨੂੰ ਮਿਲਿਆ, ਜਿਸਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਹੈਰਾਨ ਕਰ ਦਿੱਤਾ। ਇਹ ਕੁਝ ਅਮਰੀਕੀ ਹਾਈ ਸਕੂਲ ਦੇ ਵਿਦਿਆਰਥੀਆਂ ਦਾ ਵੀਡੀਓ ਸੀ, ਜੋ ਆਪਣੇ ਐਨਉਲ ਫੰਕਸ਼ਨ ਵਿੱਚ ਤੁਨਕ ਤੁਨਕ ਤੁਨ... ਗੀਤ ਤੇ ਪਰਫੋਰਮ ਰਹੇ ਸਨ, ਸੱਚ ਕਹਾਂ ਤਾਂ ਇਹ ਯੂਟਿਊਬ ਤੇ ਮੇਰੇ ਹੁਣ ਤਕ ਵੇਖੇ ਗਏ ਸਬ ਤੋਂ ਮਜੇਦਾਰ ਵੀਡੀਓਜ਼ ਵਿੱਚੋਂ ਇੱਕ ਸੀ ਜੋ ਮੈਂ ਹੁਣ ਤਕ ਵੇਖੇ ਸੀ। ਮੈਨੂੰ ਇਸ ਗੱਲ ਨੇ ਹੈਰਾਨ ਕਰ ਦਿੱਤਾ ਕਿ ਪੰਜਾਬੀ ਸੰਗੀਤ ਕਿੰਨਾ ਮਸ਼ਹੂਰ ਹੈ। ਬਾਲੀਵੁਡ ਫਿਲਮਾਂ ਤੋਂ ਲੈ ਕੇ ਵਿਦੇਸ਼ੀ ਡਿਸਕੋ ਕਲੱਬਾਂ ਵਿਚ ਪਾਰਟੀ ਗੀਤ ਬਣਨ ਤੱਕ, ਪੰਜਾਬੀ ਢੋਲ ਅਤੇ ਗੀਤ ਦੁਨੀਆਂ ਦੇ ਕੋਨੇ-ਕੋਨੇ ਵਿੱਚ ਸੁਣੇ ਜਾਂਦੇ ਹਨ।

ਇਸ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਹੈ, ਕਿ ਪੰਜਾਬੀ ਸੰਗੀਤ ਬਹੁਤ ਹੀ ਆਕਰਸ਼ਕ ਹੈ ਅਤੇ ਇਹ ਵੀ ਯਕੀਨੀ ਹੈ ਕਿ ਪੰਜਾਬੀ ਟਿਊਨ 'ਤੇ ਆਪਣੇ ਆਪ ਹੀ ਪੈਰ ਥਿਰਕਣ ਲੱਗ ਜਾਉਂਦੇ ਹਨ । ਵਿਆਹ ਹੋਵੇ ਜਾਂ ਸਕੂਲ ਦਾ ਫੰਕਸ਼ਨ ਜਾਂ ਕੋਈ ਤਿਉਹਾਰ ਜਾਂ ਬਾਲੀਵੁੱਡ ਫਿਲਮ, ਪੰਜਾਬੀ ਸੰਗੀਤ ਸਿਰਫ਼ ਇੱਕ ਖੇਤਰੀ ਤਕ ਹੀ ਸਿਮਟ ਕੇ ਨਹੀਂ ਰਹਿ ਗਿਆ ਹੈ, ਬਲਕਿ ਪਿਛਲੇ ਕਈ ਸਾਲਾਂ ਤੋਂ ਮਹਿੰਗੇ ਸੈੱਟਾਂ ਅਤੇ ਵਿਦੇਸ਼ੀ ਲੋਕੇਸ਼ਨ ਵਾਲੇ ਉੱਚ-ਬਜਟ ਸੰਗੀਤ ਵੀਡੀਓਜ਼ ਪੰਜਾਬੀ ਸੰਗੀਤ ਦਾ ਸਮਾਨਾਰਥੀ ਬਣ ਗਏ ਹਨ ।

ਉਂਜ ਪੰਜਾਬੀ ਸੰਗੀਤ ਨੇ ਜੋ ਦਬਦਬਾ ਕਾਇਮ ਕੀਤਾ ਹੈ, ਉਹ ਇੱਕ ਦਿਨ ਦਾ ਕੰਮ ਨਹੀਂ ਸੀ। ਪੰਜਾਬੀ ਸੰਗੀਤ ਦਾ ਕ੍ਰੇਜ਼ 60 ਦੇ ਦਹਾਕੇ ਤੋਂ ਦੇਖਿਆ ਜਾ ਸਕਦਾ ਹੈ। ਮੈਂ ਇਸ ਤੋਂ ਪਹਿਲਾਂ ਦੀ ਗੱਲ ਨਹੀਂ ਕਰਾਂਗੀ, ਕਿਉਂਕਿ ਉਦੋਂ ਪੰਜਾਬੀ ਸਿਨੇਮਾ ਵਿਕਸਿਤ ਹੋ ਰਿਹਾ ਸੀ, ਅਤੇ ਸੰਗੀਤ ਲਗਭਗ ਕੁਝ ਹੱਦ ਤਕ  ਲੋਕ ਗੀਤਾਂ ਤੇ ਫੋਕਸ ਸੀ । 60 ਦੇ ਦਹਾਕੇ ਵਿੱਚ, ਆਸਾ ਸਿੰਘ ਮਸਤਾਨਾ ਨੇ ਇੱਕ ਬਾਲੀਵੁੱਡ ਫਿਲਮ ਹੀਰ ਲਈ ਆਪਣੀ ਸੁਰੀਲੀ ਆਵਾਜ਼ ਦਿੱਤੀ ਅਤੇ ਜੁਗਨੀ ਵਰਗੇ ਗੀਤਾਂ ਨੂੰ ਪ੍ਰਸਿੱਧ ਕੀਤਾ। ਉਸ ਤੋਂ ਬਾਅਦ ਉਸਨੇ ਅਤੇ ਸੁਰਿੰਦਰ ਕੌਰ ਨੇ ਆਲ ਇੰਡੀਆ ਰੇਡੀਓ ਰਾਹੀਂ ਲੋਕ ਗਾਇਕੀ ਦਾ ਪ੍ਰਚਾਰ ਅਤੇ ਪ੍ਰਚਲਨ ਕੀਤਾ।

80 ਦੇ ਦਹਾਕੇ ਦੇ ਪ੍ਰਸਿੱਧ ਪੰਜਾਬੀ ਗਾਇਕ ਕੁਲਦੀਪ ਮਾਣਕ, ਜਿਹਨਾਂ ਨੂੰ ਕਲੀਆਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ, ਨੇ ਆਸਾ ਸਿੰਘ ਮਸਤਾਨਾ ਦੀ ਵਿਰਾਸਤ ਨੂੰ ਅੱਗੇ ਤੋਰਿਆ। ਇਸ ਦੇ ਨਾਲ ਹੀ ਗੁਰਦਾਸ ਮਾਨ ਨਾਂ ਪੰਜਾਬੀ ਸੰਗੀਤ ਵਿਚ ਇਕ ਤੂਫਾਨ ਦੇ ਰੂਪ ਵਿਚ ਆਇਆ, ਜਿਸ ਨੇ ਪੰਜਾਬੀ ਸੰਗੀਤ ਉਦਯੋਗ ਨੂੰ ਇਕ ਨਵੀਂ ਪਹਿਚਾਣ ਦਿੱਤੀ, ਜੋ ਅੱਜ ਪੰਜਾਬ ਵਿਚ ਫਲ-ਫੁੱਲ ਰਹੀ ਹੈ। ਉਸ ਨੇ ਪੁਰਾਤਨ ਲੋਕਧਾਰਾ ਨੂੰ ਨਵੇਂ ਸੰਗੀਤ ਨਾਲ ਜੋੜ ਕੇ ਪੰਜਾਬੀ ਸੰਗੀਤ ਨੂੰ ਨਵਾਂ ਚਿਹਰਾ ਦਿੱਤਾ। ਉਸਨੇ ਸੰਗੀਤ ਨੂੰ ਪੰਜਾਬ ਦੀ ਤਾਕਤ ਬਣਾਇਆ ਅਤੇ ਬਹੁਤ ਸਾਰੇ ਨੌਜਵਾਨ ਅਤੇ ਚਾਹਵਾਨ ਪੰਜਾਬੀ ਕਲਾਕਾਰਾਂ ਨੂੰ ਆਪਣੇ ਕੰਫਰਟ ਜ਼ੋਨ ਵਿੱਚੋਂ ਬਾਹਰ ਨਿਕਲਣ ਅਤੇ ਪੰਜਾਬ ਦੇ ਪਹਿਲਾਂ ਤੋਂ ਹੀ ਅਮੀਰ ਵਿਰਸੇ ਦੀਆਂ ਜੜ੍ਹਾਂ ਨੂੰ ਮਜ਼ਬੂਤ ​​ਕਰਨ ਲਈ ਪ੍ਰੇਰਿਤ ਕੀਤਾ।

90 ਦਾ ਦਹਾਕਾ ਉਥੋਂ ਸ਼ੁਰੂ ਹੋਇਆ ਜਿਥੇ ਗੁਰਦਾਸ ਮਾਨ ਨੇ ਛਡਿਆ ਸੀ, ਅਤੇ ਸੰਗੀਤ ਨੂੰ ਅਗਲੇ ਪੱਧਰ 'ਤੇ ਲੈ ਗਿਆ। ਸੋਲੋ ਐਲਬਮਾਂ ਅਤੇ ਇੰਡੀ ਪੌਪ ਕਲਚਰ ਦੀ ਸ਼ੁਰੂਆਤ ਨੇ ਸੁਖਬੀਰ, ਹੰਸ ਰਾਜ ਹੰਸ, ਦਲੇਰ ਮਹਿੰਦੀ, ਹਰਭਜਨ ਮਾਨ, ਜੱਸੀ ਅਤੇ ਹੋਰ ਬਹੁਤ ਸਾਰੇ ਗਾਇਕਾਂ ਨੂੰ ਜਨਮ ਦਿੱਤਾ। ਮੇਰੇ ਖ਼ਯਾਲ ਵਿਚ ਪੰਜਾਬੀ ਹੋਵੇ ਜਾਂ ਗੈਰ-ਪੰਜਾਬੀ  ਹਰ ਕਿਸੇ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਦਿਲ ਲੈ ਗਈ ਕੁੜੀ ਗੁਜਰਾਤ ਦੀ 'ਤੇ ਡਾਂਸ ਜਰੂਰ ਕੀਤਾ ਹੋਵੇਗਾ । ਇਹ ਗਾਇਕ ਸੰਗੀਤ ਉਦਯੋਗ ਵਿੱਚ ਵੱਡੇ ਨਾਮ ਬਣ ਗਏ, ਕਿਉਂਕਿ ਉਨ੍ਹਾਂ ਨੇ ਇਸ ਖੇਤਰ ਵਿੱਚ ਇੱਕ ਪੂਰੀ ਤਰ੍ਹਾਂ ਅਣਡਿੱਠੀ ਸ਼ੈਲੀ ਦੀ ਖੋਜ ਜੋ ਕੀਤੀ ਸੀ।

2000 ਦੇ ਦਹਾਕੇ ਵਿਚ ਰੈਪ ਸਿੰਗਿੰਗ ਦਾ ਦੌਰ ਆਯਾ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੰਡਸਟ੍ਰੀ ਵਿੱਚ ਸਭ ਤੋਂ ਵਧੀਆ ਰੈਪਰ ਪੰਜਾਬ ਤੋਂ ਹਨ। ਹਨੀ ਸਿੰਘ, ਅਮਰਿੰਦਰ ਗਿੱਲ, ਬਾਦਸ਼ਾਹ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ ਦਾ ਨਾਮ ਇਸ ਵਿਚ ਸਬ ਤੋਂ ਉਪਰ ਆਉਂਦਾ ਹੈ, ਪੰਜਾਬੀ ਸੰਗੀਤ ਬਾਲੀਵੁੱਡ ਵਿੱਚ ਪੂਰੀ ਤਰਾਂ ਛਾ ਗਯਾ ਅਤੇ ਪਾਰਟੀ ਵਿਚ ਸਬ ਤੋਂ ਜਿਆਦਾ ਪੰਜਾਬੀ ਗਾਣੇ ਹੀ ਵੱਜਣ ਲਗੇ । ਉਨ੍ਹਾਂ ਨੇ ਪੰਜਾਬ ਦਾ ਨਵਾਂ ਚਿਹਰਾ ਦਿਖਾਇਆ, ਜਿਸ ਨੇ ਪੰਜ ਦਰਿਆਵਾਂ ਦੀ ਇਸ ਧਰਤੀ ਦੇ ਭਵਿੱਖ ਨੂੰ ਆਕਾਰ ਦਿੱਤਾ ਹੈ।

ਪੁਰਾਣੇ ਸੰਗੀਤਕਾਰਾਂ ਦੁਆਰਾ ਛੱਡੀ ਗਈ ਵਿਰਾਸਤ ਹੁਣ ਗੁਰੂ ਰੰਧਾਵਾ, ਹਾਰਡੀ ਸੰਧੂ, ਐਮੀ ਵਿਰਕ, ਏਪੀ ਢਿੱਲੋਂ, ਜੈਸਮੀਨ ਸੈਂਡਲਸ ਦੇ ਹੱਥਾਂ ਵਿੱਚ ਆ ਗਈ ਹੈ, ਜੋ ਹੌਲੀ-ਹੌਲੀ ਆਪਣੀ ਪ੍ਰਤਿਭਾ ਨਾਲ, ਪਾਲੀਵੁੱਡ ਅਤੇ ਬਾਲੀਵੁੱਡ ਉਦਯੋਗਾਂ ਵਿੱਚ ਘਰੇਲੂ ਨਾਮ ਬਣ ਗਏ ਹਨ। ਭਾਰਤ ਵਿੱਚ ਹੀ ਨਹੀਂ, ਬਲਕਿ ਪਰਵਾਸੀ ਭਾਰਤੀ ਵੀ ਪੰਜਾਬੀ ਸੰਗੀਤ ਅਤੇ ਬੋਲਾਂ ਨੂੰ ਪ੍ਰਫੁੱਲਤ ਕਰਨ ਅਤੇ ਜਲੇਬੀ ਬੇਬੀ ਵਰਗੇ ਧਮਾਕੇਦਾਰ ਹਿੱਟ ਬਣਾਉਣ ਲਈ ਟੇਸ਼ਰ ਨੂੰ ਪਸੰਦ ਕਰਦੇ ਹਨ।

ਇੱਕ ਗੱਲ ਪੱਕੀ ਹੈ। ਪੰਜਾਬੀ ਸੰਗੀਤ ਸਾਲਾਂ ਦੌਰਾਨ ਵਧਿਆ ਹੈ ਅਤੇ ਹਰ ਭਾਰਤੀ ਸੰਗੀਤ ਪ੍ਰੇਮੀ ਲਈ ਆਰਾਮਦਾਇਕ ਸੰਗੀਤ ਬਣ ਗਿਆ ਹੈ। ਅਤੇ ਪੰਜਾਬੀ ਸੰਗੀਤ ਹੁਣ ਸਿਰਫ਼ ਪੰਜਾਬ ਦਾ ਸੰਗੀਤ ਨਹੀਂ ਰਿਹਾ ਸਗੋਂ ਭਾਰਤ ਦੀ ਪਛਾਣ ਬਣ ਗਿਆ ਹੈ।

………


ਲੇਖਿਕਾ ਇੱਕ ਫ੍ਰੀਲਾਂਸ ਲੇਖਕ ਅਤੇ ਬਲੌਗਰ ਹਨ


Leave a Reply

Your email address will not be published. Required fields are marked *

0 Comments