Friday , 17 May 2024
Friday , 17 May 2024

ਅਜੋਕੇ ਸਮੇਂ ਸਰਬੱਤ ਖਾਲਸਾ ਦੀ ਉਪਯੋਗਤਾ

top-news
  • 14 Apr, 2023

ਸਿੱਖ ਧਰਮ ਦੁਨੀਆ ਦਾ ਪਹਿਲਾ ਧਰਮ ਹੈ ਜੋ ਮਨੁੱਖੀ ਅਧਿਕਾਰਾਂ ਅਤੇ ਸਰਬੱਤ ਦੇ ਭਲੇ ਦੀ ਵਕਾਲਤ ਕਰਦਾ ਹੈ। ਇਸ ਦੀ ਕਾਰਜਪ੍ਰਣਾਲੀ ਸਪੂੰਰਨ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਪ੍ਰੰਪਰਾਵਾਂ ਉਤੇ ਅਧਾਰਤ ਹੈ। ਰੋਜ਼ਾਨਾ ਪੰਥਕ ਅਰਦਾਸ ਵਿੱਚ ਸਰਬੱਤ ਖਾਲਸਾ ਦਾ ਜ਼ਿਕਰ ਆਉਂਦਾ ਹੈ। ‘ਪ੍ਰਥਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਨੂੰ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਚਿਤ ਆਵੇ’। ਨਿਸਚੇ ਸਿੱਖ ਧਰਮ ਵਿੱਚ ਸਰਬੱਤ ਖਾਲਸਾ ਦਾ ਵਰਤਾਰਾ ਬਹੁਤ ਮਹੱਤਵਪੂਰਨ ਹੈ। ਸਰਬੱਤ ਖਾਲਸਾ ਨੂੰ ਖਾਲਸਾ ਸੰਗਤ, ਪਵਿੱਤਰ ਮੰਡਲੀ, ਇਕ ਸਕੰਲਪ, ਇਕ ਸੰਸਥਾਂ ਅਤੇ ਇਕ ਰਹਿਸਮਈ ਹਸਤੀ ਜੋ ਪ੍ਰਮਾਤਮਾ ਦੀ ਸਰਬ ਵਿਆਪਕ ਭਾਵਨਾ ਵਿੱਚ ਰੰਗੀ ਹੋਈ ਸਮੱੁਚੀ ਸਿੱਖ ਕੌਮ ਦੀ ਏਕੀਕ੍ਰਿਤ ਜ਼ਮੀਰ ਦਾ ਪ੍ਰਤੀਕ ਹੈ ਜਾਂ ਇੰਜ ਕਹਿ ਲਉ ਕਿ ਸਿੱਖਾਂ ਦੇ ਸਾਰੇ ਧੜਿਆਂ (ਖਾਲਸਾ) ਦਾ ਇੱਕਠ ਹੈ ਜਿਸ ਵਿੱਚ ਸਿੱਖ ਭਾਈਚਾਰੇ ਦੇ ਮਾਮਲਿਆਂ ਨੂੰ ਨਿਰਦੇਸ਼ਤ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ। ਗੁਰੂ ਹਰ ਗੋਬਿੰਦ ਸਾਹਿਬ ਜੀ ਵਲੋਂ ਗੁਰੂ ਨਾਨਕ ਮਿਸ਼ਨ ਨੂੰ ਸਮਰਪਿਤ ਸਗੰਤ ਨੂੰ ਮੀਰੀ ਪੀਰੀ ਦਾ ਫਲਸਫਾ ਦਿੰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਗਈ ਜਿਥੇ ਸਿੱਖ ਸੰਗਤ ਨਾਲ ਸਬੰਧਤ ਗੰਭੀਰ ਮਾਮਲਿਆਂ ਬਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਮੱਸਲਿਆਂ ਉਤੇ ਵਿਚਾਰ ਵਟਾਂਦਰਾ ਤੋਂ ਬਾਦ ਫੈਸਲੇ ਲਈ ਜਾਂਦੇ ਸਨ ਜਿਨ੍ਹਾਂ ਦੀ ਸਮੁੱਚੀ ਸਿੱਖ ਸੰਗਤ ਵਲੋਂ ਪਾਲਣਾ ਕਰਨੀ ਲਾਜ਼ਮੀ ਹੁੰਦੀ ਸੀ। ਪਰੰਪਰਾਂ ਅਨੁਸਾਰ ਐਸੇ ਸਿੱਖ ਸੰਗਤਾਂ ਦੇ ਵਿਸ਼ੇਸ਼ ਇੱਕਠ ਦੀਵਾਲੀ ਅਤੇ ਵਿਸਾਖੀ ਦੇ ਸਮੇਂ ਸ਼੍ਰੀ ਅਕਾਲ ਤੱਖਤ ਸਾਹਿਬ ਵਿਖੇ ਅੰਮ੍ਰਿਤਸਰ ਵਿਖੇ ਆਯੋਜਿਤ ਹੁੰਦੇ ਸਨ। ਯੋਧਿਆਂ ਅਤੇ ਗੈਰ ਜੁਝਾਰੂਆਂ ਦਾ ਇਹ ਇੱਕਠ, ਸਰਬੱਤ ਖਾਲਸਾ ਜਲਦੀ ਹੀ ਸਮੁੱਚੇ ਸਿੱਖ ਸੰਗਤ ਲਈ ਸ਼ਕਤੀ ਦਾ ਪ੍ਰਤੀਕ ਬਣ ਗਿਆ ਅਤੇ ਵਿਚਾਰ-ਵਟਾਂਦਰੇ ਰਾਹੀਂ ਮੱਸਲਿਆਂ ਦਾ ਹੱਲ ਕੱਢਣ ਦੀ ਪਰੰਪਰਾ ਨੂੰ ਅੱਗੇ ਵਧਾਇਆ ਗਿਆ। ਸਿੱਖ ਧਰਮ ਵਿੱਚ ਸਰਬੱਤ ਖਾਲਸਾ ਵਿਲੱਖਣ ਪਰੰਪਰਾ ਅਤੇ ਸੰਸਥਾ ਬਣ ਗਿਆ।

ਵਿਸਾਖੀ ਵਾਲੇ ਦਿਨ ਸੰਨ 1699 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੱਦਿਆ ਗਿਆ ਸਿੱਖਾਂ ਦਾ ਵਿਲੱਖਣ ਇੱਕਠ ਸਿੱਖ ਧਰਮ ਦਾ ਪਹਿਲਾ ਇਤਿਹਾਸਕ ਸਰਬੱਤ ਖਾਲਸਾ ਹੈ ਜਿਸ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਅਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪਹੁਲ ਖੰਡੇ ਬਾਟੇ ਦਾ ਅੰਮ੍ਰਿਤ ਛੱਕਾ ਕੇ ਸਿੱਖਾਂ ਨੂੰ ਸਿੰਘ ਅਤੇ ਕੌਰ ਦੇ ਖਿਤਾਬਾਂ ਨਾਲ ਨਿਵਾਜਿਆ ਗਿਆ, ਹਰ ਪ੍ਰਕਾਰ ਦੇ ਜੁਲਮਾਂ ਖਿਲਾਫ਼ ਲੜਨ ਲਈ ਤਿਆਰ ਕੀਤਾ ਗਿਆ ਅਤੇ ਉਨ੍ਹਾਂ ਦੇ ਸਿਰਾਂ ਉਤੇ ਦਸਤਾਰ ਅਤੇ ਦੁੱਪਟਾ ਸਜਾਕੇ ਵਿਲੱਖਣ ਪਹਿਚਾਣ ਦਿਤੀ ਗਈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਅਤੇ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਦ ਬੁਲਾਏ ਗਏ ਸਰਬੱਤ ਖਾਲਸਾ ਪੰਥ ਦੀ ਭਲਾਈ ਅਤੇ ਮਜਬੂਤੀ ਲਈ ਬੁਲਾਏ ਜਾਂਦੇ ਰਹੇ ਹਨ। ਜ਼ਿਕਰਯੋਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿਚਾਲੇ ਛਿੜੇ ਵਿਵਾਦ ਨੂੰ ਸੰਨ 1723 ਦੀ ਦੀਵਾਲੀ ਦੇ ਮੌਕੇ ਦੋਵਾਂ ਧਿਰਾਂ ਨੂੰ ਸ਼੍ਰੀ ਅਕਾਲ ਤੱਖਤ ਸਾਹਿਬ, ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ ਵਿੱਚ ਬੁਲਾਕੇ ਵਿਵਾਦਾਂ ਨੂੰ ਵਿਚਾਰ-ਵਟਾਂਦਰੇ ਤੋ ਬਾਦ ਲਏ ਗਏ ਸਰਬ ਸੰਮਤੀ ਦੇ ਫੈਸਲਾ ਰਾਹੀਂ ਸੁਲਝਾਇਆ ਗਿਆ।

ਸੰਨ 1726 ਨੂੰ ਸ਼ਹੀਦ ਤਾਰਾ ਸਿੰਘ ਦੀ ਮੁਖਬਰੀ ਕਰਨ ਵਾਲਿਆਂ ਨੂੰ ਸਜਾ ਦੇਣ ਲਈ, ਸਾਮਰਾਜੀ ਤਾਕਤਾਂ ਦੇ ਵੱਧ ਰਹੇ ਜੁਲਮਾਂ ਖਿਲਾਫ ਲਾਮਬੰਦ ਹੋਣ ਅਤੇ ਵਿੱਤੀ ਅਤੇ ਸੈਨਿਕ ਉਪਰਾਲਿਆਂ ਲਈ ਸਰਬੱਤ ਖਾਲਸਾ ਵਿੱਚ ਬੁਲਾਇਆ ਗਿਆ। ਸੰਨ 1729 ਨੂੰ ਜਥੇਦਾਰ ਕਪੂਰ ਸਿੰਘ ਨੂੰ ਨਵਾਬੀ ਦਾ ਖਿਤਾਬ ਨੂੰ ਪ੍ਰਵਾਨਗੀ ਦੇਣ ਲਈ ਸਰਬੱਤ ਖਾਲਸਾ ਸਦਿਆ ਗਿਆ। ਸੰਨ 1745 ਵਿੱਚ ਆਯੋਜਿਤ ਸਰਬੱਤ ਖਾਲਸਾ ਵਿੱਚ ਫੈਸਲੇ ਨੂੰ ਪ੍ਰਵਾਨਗੀ ਮਿਲੀ ਕਿ ਸਿੱਖਾਂ ਦੇ ਵੱਖ ਵੱਖ ਜੱਥਿਆਂ ਨੂੰ ਲਾਮਬੰਦ ਕੀਤਾ ਜਾਵੇ। ਸੰਨ 1748 ਨੂੰ ਦੀਵਾਲੀ ਦੇ ਮੌਕੇ ਸਦੇ ਗਏ ਸਰਬੱਤ ਖਾਲਸਾ ਵਿੱਚ ਲਏ ਗਏ ਫੈਸਲੇ ਅਨੁਸਾਰ ਵੱਖ ਵੱਖ ਜੁਝਾਰੂ ਜੱਥਿਆਂ ਨੂੰ 11 ਮਿਸਲਾਂ ਵਿੱਚ ਵੰਡ ਕੇ ਸਮੁੱਚੀ ਪੰਥਕ ਸ਼ਕਤੀ ਨੂੰ ਇੱਕਤਰ ਕੀਤਾ ਗਿਆ। ਸੰਨ 1805 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਮ੍ਰਿਤਸਰ ਵਿਖੇ ਆਯੋਜਿਤ ਸਰਬਤ ਖਾਲਸਾ ਸਦਿਆ ਗਿਆ ਜਿਸ ਵਿੱਚ ਮਰਾਠਿਆ ਅਤੇ  ਅੰਗ੍ਰੇਜ਼ ਸਾਮਰਾਜ ਦੀ ਈਸਟ ਇੰਡੀਆਂ ਕੰਪਨੀ ਵਿਚਾਲੇ ਚਲ ਰਹੀ ਖਾਨ ਜੰਗੀ ਨੂੰ ਸੁਲਝਾਇਆ ਗਿਆ ਤਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ‘ਸਰਕਾਰੇ ਖਾਲਸਾ’ ਨੂੰ ਵਧੇਰੇ ਸੁਰਖਿਅਤ ਕੀਤਾ ਜਾ ਸਕੇ। ਸਮੇਂ ਦੇ ਗੇੜ ਨਾਲ ਸਰਬਤ ਖਾਲਸਾ ਸੱਦਣ ਦੀ ਪੰਰਪਰਾ ਕਮਜ਼ੋਰ ਹੁੰਦੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਸੰਨ 1805 ਵਿੱਚ ਸਰਬਤ ਖਾਲਸਾ ਸੱਦਣ ਅਤੇ ਆਯੋਜਨ ਕਰਨ ਉਤੇ ਪਾਬੰਦੀ ਲਗਾ ਦਿੱਤੀ।

ਪਰੰਪਰਾ ਰਹੀ ਹੈ ਕਿ ਸਰਬਤ ਖਾਲਸਾ ਦੀ ਮੀਟਿੰਗ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਅਰਦਾਸ ਨਾਲ ਸ਼ੁਰੂ ਹੋਈ ਹੈ। ਸਿੱਖ ਪੰਥ ਲਈ ਅਰਦਾਸ ਕੀਤੀ ਜਾਂਦੀ ਹੈ। ਪੰਜ ਪਿਆਰਿਆਂ ਜਾਂ ਪੰਜ ਮੈਂਬਰਾਂ ਦੀ ਸਮੂਹਿਕ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਤੋ ਬਾਦ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਜਾਂਦਾ ਹੈ। ਸਾਰੇ ਸਿੱਖ ਇਸ ਨੂੰ ਮੰਨਣ ਲਈ ਪਾਬੰਦ ਹੁੰਦੇ ਹਨ। ਸਿੱਖ ਬੁਧੀਜੀਵੀਆਂ ਅਤੇ ਖੋਜਕਾਰਾਂ ਅਨੁਸਾਰ ਸਰਬੱਤ ਖਾਲਸਾ ਅੰਮ੍ਰਿਤਧਾਰੀ ਸਿੱਖਾਂ ਵਲੋਂ ਸੱਦਿਆ ਜਾਂਦਾ ਹੈ।

ਗੁਰੂ ਨਾਨਕ ਜੀ ਵਲੋਂ ਸਿੱਖ ਧਰਮ ਦੀ ਸਥਾਪਨਾ ਕੀਤੀ ਗਈ ਅਤੇ ਗੁਰਬਾਣੀ ਸੰਚਾਰ ਕੀਤਾ ਗਿਆ। ਮਾਨਵੀ ਸਮੱਸਿਆਵਾਂ ਅਤੇ ਆਸ਼ਿਆਂ ਦੇ ਹੱਲ ਲਈ ਸੰਵਾਦ ਨੂੰ ਉਤਸ਼ਾਹਤ ਕਰਕੇ ਅਗੇ ਤੋਰਿਆ ਗਿਆ ਅਤੇ ਵਿਅਕਤੀਗਤ ਫੈਸਲਿਆਂ ਦੀ ਬਜਾਏ ਸਮੂਹਗਤ ਫੈਸਲਿਆਂ ਨੂੰ ਤਰਜੀਹ ਦਿੱਤੀ ਗਈ। ਗੁਰਦੁਆਰਿਆਂ ਮਹੰਤਾਂ ਤੋਂ ਮੁਕਤ ਕਰਨ, ਇਨ੍ਹਾਂ ਦਾ ਪ੍ਰਬੰਧ ਅਤੇ ਮਰਿਆਦਾਂ ਨੂੰ ਸਿੱਖ ਸੰਗਤ ਦੇ ਕੰਟਰੋਲ ਵਿੱਚ ਲਿਆਉਣ ਲਈ ਸਾਲ 1920 ਵਿੱਚ ਸਰਬਤ ਖਾਲਸਾ ਬੁਲਾਇਆ ਗਿਆ। ਸਾਕਾ ਨੀਲਾ ਤਾਰਾ ਸੰਨ 1984 ਵੇਲੇ ਭਾਰਤ ਸਰਕਾਰ ਵਲੋਂ ਖਾੜਕੂਆਂ ਵਿਰੁੱਧ ਸੈਨਿਕ ਕਾਰਵਾਈ ਦੌਰਾਨ ਢਾਏ ਗਏ ਸ਼੍ਰੀ ਅਕਾਲ ਤੱਖਤ ਸਾਹਿਬ ਅਤੇ ਨੁਕਸਾਨੇ ਗਏ ਸ਼੍ਰੀ ਹਰਿੰਮਦਰ ਸਾਹਿਬ ਨੂੰ ਨੁਕਸਾਨੇ ਜਾਣ ਕਾਰਨ ਸੰਨ 1984 ਵਿੱਚ ਸਰਬਤ ਖਾਲਸਾ ਬੁਲਾਇਆ ਗਿਆ। ਸਰਕਾਰ ਦੁਆਰਾ ਹਰਿਮੰਦਰ ਸਾਹਿਬ ਸਮੂਹ ਦੀ ਮੁਰਮੰਤ ਅਤੇ ਭਾਰਤ ਸਰਕਾਰ ਵਲੋਂ ਨਵੇ ਉਸਾਰੇ ਸ਼੍ਰੀ ਅਕਾਲ ਤੱਖਤ ਸਾਹਿਬ ਦੀ ਇਮਾਰਤ ਨੂੰ ਦੁਬਾਰਾ ਕਾਰ-ਸੇਵਾ ਰਾਹੀਂ ਕਰਵਾਉਣ ਦਾ ਫੈਸਲਾ ਕੀਤਾ ਗਿਆ। ਨਵੰਬਰ 10, 2015 ਨੂੰ ਪਿੰਡ ਚੱਬਾ (ਅਮ੍ਰਿੰਤਸਰ) ਵਿਖੇ ਆਯੋਜਿਤ ਸਰਬਤ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸ਼੍ਰੀ ਅਕਾਲ ਤੱਖਤ ਸਾਹਿਬ ਵਲੋਂ ਪ੍ਰਵਾਨਗੀ ਨਹੀ ਦਿੱਤੀ ਗਈ। ਕੁਝ ਸਿੱਖ ਬੁੱਧੀਜੀਵੀਆਂ ਅਤੇ ਖੋਜਕਾਰਾਂ ਨੇ ਸਰਬਤ ਖਾਲਸਾ ਦੇ ਸਰੂਪ, ਸਗੰਠਨ ਅਤੇ ਸੰਕਲਪ ਬਾਰੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਹੈ ਇਸ ਬਾਰੇ ਹੋਰ ਖੋਜ ਅਤੇ ਅਧਿਐਨ ਕਰਨ ਦੀ ਲੋੜ ਹੈ। ਮੁੱਢਲੇ ਤੌਰ ਤੇ ਸਰਬਤ ਖਾਲਸਾ ਪੰਥਕ ਅਤੇ ਅੰਮ੍ਰਿਤਧਾਰੀ ਸਿੱਖ ਸੰਗਤ ਦੇ ਮਸੱਲਿਆਂ ਨਾਲ ਸਬੰਧਤ ਹੈ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪਰੰਪਰਾਵਾਂ ਪ੍ਰਤੀ ਕੋਈ ਵਿਅਕਤੀ ਵੀ ਸਮਰਪਿਤ ਹੋ ਸਕਦਾ ਹੈ ਅਤੇ ਆਪਣੇ ਨਾਮ ਦੇ ਨਾਲ ਸਿੰਘ ਜਾਂ ਕੌਰ ਵੀ ਲਗਾ ਸਕਦਾ ਹੈ ਪਰ ਜਰੂਰੀ ਨਹੀ ਕਿ ਉਹ ਅੰਮ੍ਰਿਤਧਾਰੀ ਹੀ ਹੋਵੇ। ਸਿੱਖ ਫਲਸਫੇ ਅਤੇ ਗੁਰਬਾਣੀ ਪ੍ਰਤੀ ਸਮਰਪਿਤ ਕਰਨ ਵਾਲਾ ਗੈਰ ਸਿੱਖ ਅਤੇ ਗੈਰ ਪੰਜਾਬੀ ਵੀ ਹੋ ਸਕਦਾ ਹੈ ਸੋ ਵੇਖਣਾ ਹੋਵੇਗਾ ਕਿ ਗੈਰ ਸਿੱਖਾਂ ਅਤੇ ਸਹਿਜਧਾਰੀ ਸਿੱਖਾਂ ਦੀ ਸਰਬਤ ਖਾਲਸਾ ਵਿੱਚ ਕੀ ਭੂਮਿਕਾ ਹੈ। ਸਰਬੱਤ ਖਾਲਸਾ ਉਨ੍ਹਾਂ ਦੀਆਂ ਸਮਸਿਆਵਾਂ, ਲੋੜਾਂ, ਪ੍ਰਗਟਾਵਿਆਂ ਅਤੇ ਆਸ਼ਾਵਾਂ ਦੀ ਪੂਰਤੀ ਦੇ ਨਾਲ ਨਾਲ ਸਿੱਖ ਫਲਸਫੇ ‘ਚੜਦੀ ਕਲਾ’ ਅਤੇ ‘ਸਰਬੱਤ ਦਾ ਭਲਾ’ ਦੀ ਪ੍ਰਤੀਨਿਧਤਾ ਕਿਵੇ ਕਰਦਾ ਹੈ। ਇਹ ਵੀ ਵਿਚਾਰਨ ਦਾ ਮਹਤਵਪੂਰਣ ਵਿਸ਼ਾ ਹੈ ਕਿ ਅਜੋਕੇ ਸਮੇਂ ਸਰਬਤ ਖਾਲਸਾ ਪੰਜਾਬ,  ਪੰਜਾਬੀਅਤ ਅਤੇ ਸਿੱਖ ਧਰਮ ਲਈ ਕਿੰਨਾਂ ਕੁ ਉਪਯੋਗੀ ਹੈ।


Leave a Reply

Your email address will not be published. Required fields are marked *

0 Comments