Saturday , 18 May 2024
Saturday , 18 May 2024

‘ਪੀਓ ਭੰਗਾਂ ਤੇ ਸੌਂਵੋਂ ਬਾਗੀਂ’

top-news
  • 18 Jan, 2022

ਇਕ ਵਿਦਵਾਨ ਦਾ ਕਥਨ ਹੈ ਕਿ ਆਦਮੀ ਦਾ ਸਭ ਤੋਂ ਵੱਡਾ ਔਗੁਣ ਆਪਣੇ ਕਿਸੇ ਔਗੁਣ ਤੋਂ ਜਾਣੂ ਨਾ ਹੋਣਾ ਹੈ। ਸਾਡੇ ਅੰਦਰ ਕਈ ਔਗੁਣ ਹਨ ਪਰ ਸਾਨੂੰ ਉਹ ਨਜ਼ਰ ਨਹੀਂ ਆਉਂਦੇ। ਇਹ ਔਗੁਣ ਸਾਡੀਆਂ ਆਦਤਾਂ ਵਿਚ ਸ਼ਾਮਲ ਹੋ ਜਾਂਦੇ ਹਨ। ਫਿਰ ਸਾਨੂੰ ਇਹ ਸੁਭਾਵਿਕ ਲੱਗਣ ਲੱਗ ਪੈਂਦੇ ਹਨ। ਅਸੀਂ ਇਨ੍ਹਾਂ ਨੂੰ ਜਾਣਦੇ ਹੋਏ ਵੀ ਇਨ੍ਹਾਂ ਤੋਂ ਅਨਜਾਣ ਬਣੇ ਰਹਿੰਦੇ ਹਾਂ। ਨਸ਼ਾ ਵੀ ਬਹੁਤ ਸਾਰੇ ਲੋਕਾਂ ਦੀ ਆਦਤ ਵਿਚ ਸ਼ਾਮਲ ਹੋ ਚੁੱਕਾ ਔਗੁਣ ਹੈ। ਕਈਆਂ ਨੂੰ ਆਪਣੇ ਮਹਿਲ ਮੁਨਾਰਿਆਂ ਅਤੇ ਦੌਲਤ ਦਾ ਨਸ਼ਾ ਹੈ। ਕਈਆਂ ਨੂੰ ਆਪਣੀ ਜਵਾਨੀ ਦਾ। ਇਹ ਨਸ਼ੇ ਭਾਂਵੇ ਬੰਦੇ ਨੂੰ ਬਹੁਤਾ ਨੁਕਸਾਨ ਨਹੀਂ ਪਹੰੁਚਾਉਂਦੇ ਫਿਰ ਵੀ ਦੌਲਤ ਦੇ ਨਸ਼ੇ ’ਚ ਬੰਦਾ ਵੱਡੇ-ਵੱਡੇ ਨੁਕਸਾਨ ਵੀ ਕਰ ਜਾਂਦਾ ਹੈ। ਇਸੇ ਤਰ੍ਹਾਂ ਅੱਥਰੀ ਜਵਾਨੀ ਜਦੋਂ ਕੋਈ ਅੱਥਰਾ ਕਾਰਾ ਕਰਦੀ ਹੈ ਤਾਂ ਆਪਣਾ ਨੁਕਸਾਨ ਕਰਦੀ ਹੈ।
ਅੱਜ ਦੇ ਸਭਿਆਚਾਰ ’ਚ ਨਸ਼ਿਆਂ ਨੇ ਆਪਣਾ ਬਹੁਤ ਪਸਾਰਾ ਕਰ ਲਿਆ ਹੈ। ਸਾਡੀ ਸੁਸਾਇਟੀ ਵਿਚ ਸ਼ਰਾਬ ਇਸ ਕਦਰ ਸ਼ਾਮਲ ਹੋ ਗਈ ਹੈ ਕਿ ਕੋਈ ਵੀ ਸਮਾਗਮ ਇਸ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਹੈ। ਸ਼ਰਾਬ ਨਾ ਹੋਵੇ ਤਾਂ ਸਮਾਗਮ ਫਿੱਕਾ-ਫਿੱਕਾ ਲੱਗਦਾ ਹੈ। ਸਾਡੀਆਂ ਸਰਕਾਰਾਂ ਨੂੰ ਇਹ ਤਾਂ ਚਿੰਤਾ ਹੈ ਕਿ ਸੁਸਾਇਟੀ ’ਚੋਂ ਨਸ਼ਾ ਖ਼ਤਮ ਕੀਤਾ ਜਾਏ ਪਰ ਉਹ ਅਜਿਹੀ ਗੱਲ ਕਰਦਿਆਂ ਸ਼ਰਾਬ ਨੂੰ ਇਸ ਵਿਚੋਂ ਮਨਫੀ ਕਰ ਲੈਂਦੀਆਂ ਹਨ। ਜਿਵੇਂ ਸ਼ਰਾਬ ਕੋਈ ਨਸ਼ਾ ਹੀ ਨਾ ਹੋਵੇ। ਨਸ਼ੇ ਦੀ ਵਰਤੋਂ ਕਰਨ ਵਾਲੇ ਵਿਅਕਤੀ ਨਸ਼ੇ ਨਾਲ ਹੇਜ ਜਿਤਾਉਂਦੇ ਹੋਏ ਇਸ ਦੀਆਂ ਦਲੀਲਾਂ ਇਤਿਹਾਸ ਮਿਥਿਹਾਸ ’ਚੋਂ ਲੱਭਦੇ ਹਨ। ਉਹ ਕਹਿੰਦੇ ਹਨ ਕਿ ਨਸ਼ਾ ਤਾਂ ਸਾਡੇ ਦੇਵਤਿਆਂ ਨੇ ਵੀ ਕੀਤਾ ਹੈ। ਇਹ ਕੋਈ ਮਾੜੀ ਚੀਜ਼ ਨਹੀਂ ਹੈ। ਨਸ਼ੇ ਦੀ ਲਤ ਜਿਸਨੂੰ ਲਗ ਜਾਏ,ਉਹ ਇਸਨੂੰ ਛੱਡ ਨਹੀਂ ਸਕਦਾ। ਇਹ ਇਕ ਅਜਿਹੀ ਬਿਮਾਰੀ ਹੈ ਜਿਸਦੀ ਖੁਰਾਕ ਵਕਤ ਸਿਰ ਨਾ ਮਿਲੇ ਤਾਂ ਨਸ਼ੇ ਦਾ ਮਰੀਜ਼ ਤੜਫਣ ਲੱਗਦਾ ਹੈ। ਨਸ਼ੇ ’ਤੇ ਲੱਗ ਗਏ ਬੰਦੇ ਫਿਰ ਨਸ਼ੇ ਬਿਨਾਂ ਨਹੀਂ ਰਹਿ ਸਕਦੇ। ਮੈਨੂੰ ਯਾਦ ਹੈ ਕਿ ਸਾਡੇ ਇਕ ਬਜ਼ੁਰਗ ਵੀ ਅਫੀਮ ਦੇ ਨਸ਼ੇ ਨਾਲ ਜੁੜ ਗਏ। ਹੌਲੀ-ਹੌਲੀ ਇਸ ਦੇ ਇੰਨੇ ਆਦੀ ਹੋ ਗਏ ਕਿ ਇਸ ਬਿਨ ਰਿਹਾ ਨਾ ਜਾਏ। ਸਖਤੀ ਹੋਈ, ਅਫੀਮ ਮਿਲਣੀ ਬੰਦ ਹੋ ਗਈ। ਹੁਣ ਕੀ ਕੀਤਾ ਜਾਏ। ਭੁੱਕੀ ਦੇ ਨਸ਼ੇ ਵੱਲ ਆ ਗਏ। ਭੁੱਕੀ ਪੋਸਤ ਦੇ ਖਾਲੀ ਡੋਡਿਆਂ ਦੀ ਤੂੜੀ ਹੰੁਦੀ ਹੈ, ਜਿਸ ਵਿਚ ਬਹੁਤ ਘੱਟ ਨਸ਼ੇ ਦੀ ਮਾਤਰਾ ਹੰੁਦੀ ਹੈ। ਪਰ ਮਰਦਾ ਕੀ ਨਾ ਕਰਦਾ, ਜਿਨ੍ਹਾਂ ਨੂੰ ਅਫੀਮ ਨਾ ਮਿਲੇ ਉਹ ਭੁੱਕੀ ਵੱਲ ਆ ਗਏ। ਇਸ ਬਜ਼ੁਰਗ ਨੂੰ ਇਕ ਵਾਰ ਦਿੱਲੀ ਵਿਆਹ ਜਾਣਾ ਪੈ ਗਿਆ। ਉਥੇ ਜਾ ਕੇ ਦੇਖਿਆ ਕਿ ਭੁੱਕੀ ਵਾਲੀ ਪੋਟਲੀ ਤਾਂ ਘਰੇ ਭੁੱਲ ਆਏ। ਦਿੱਲੀ ’ਚੋਂ ਭੁੱਕੀ ਕਿਥੇ ਲੱਭੇ। ਬਜ਼ੁਰਗ ਬਿਨਾਂ ਵਿਆਹ ਦੇਖੇ, ਰਾਤ ਦੀ ਗੱਡੀ ਫੜ ਸਵੇਰੇ ਘਰ ਆ ਪੁੱਜਾ। ਨਸ਼ੇ ਬਿਨਾਂ ਗੁਜ਼ਾਰਾ ਨਹੀਂ ਹੰੁਦਾ, ਵਿਆਹ ਵੇਖੇ ਬਿਨਾਂ ਤਾਂ ਗੁਜ਼ਾਰਾ ਹੋ ਸਕਦਾ ਹੈ।
ਨਸ਼ੇ ਬੰਦੇ ਨੂੰ ਆਪਣੇ ਵੱਲ ਖਿੱਚਦੇ ਹਨ। ਕਮਜ਼ੋਰ ਮਨ ਵਾਲਾ ਵਿਅਕਤੀ ਹੀ ਨਸ਼ਿਆਂ ਨਾਲ ਜੁੜਦਾ ਹੈ। ਦ੍ਰਿੜ ਇਰਾਦੇ ਵਾਲੇ ਲੋਕ ਨਸ਼ੇ ਨਾਲ ਨਹੀਂ ਜੁੜਦੇ। ਸ਼ਰਾਬ ਦੇ ਨਸ਼ੇ ਨੂੰ ਬਾਕੀ ਦੇ ਸਾਰੇ ਨਸ਼ਿਆਂ ਨਾਲੋਂ ਮੁਕਾਬਲੇ ’ਚ ਤਾਂ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਇਸ ਦਾ ਸੇਵਨ ਆਮ ਤੌਰ ’ਤੇ ਰਾਤ ਨੂੰ ਕੀਤਾ ਜਾਂਦਾ ਹੈ ਤੇ ਫਿਰ ਉਸ ਪਿੱਛੋਂ ਬੰਦਾ ਸੌ ਜਾਂਦਾ ਹੈ। ਅਗਲੇ ਦਿਨ ਕੰਮ ਕਾਰ ’ਤੇ ਚਲਿਆ ਜਾਂਦਾ ਹੈ। ਪਰ ਕਮਜ਼ੋਰ ਵਿਅਕਤੀਆਂ ਨੂੰ ਇਹ ਨਸ਼ਾ ਆਪਣੇ ਪਿਛੇ ਲਾ ਲੈਂਦਾ ਹੈ। ਸ਼ਰਾਬ ਦਾ ਸੇਵਨ ਫਿਰ ਦਿਨ ’ਚ ਵੀ ਹੋਣ ਲੱਗਦਾ ਹੈ। ਕਈ ਤਾਂ ਅਜਿਹੇ ਸ਼ਰਾਬੀ ਹਨ ਜੋ ਸਵੇਰੇ ਤੜਕੇ ਛੇ ਵਜੇ ਠੇਕਾ ਅਜੇ ਬੰਦ ਹੰੁਦਾ ਹੈ, ਉਸ ਦਾ ਸ਼ਟਰ ਖੜਕਾਉਣ ਲੱਗਦੇ ਹਨ। ਠੇਕੇ ਦੇ ਕਰਿੰਦੇ ਅੰਦਰ ਹੀ ਸੁੱਤੇ ਹੰੁਦੇ ਹਨ, ਉਹ ਸ਼ਾਇਦ ਅਜਿਹੇ ਗਾਹਕਾਂ ਨੂੰ ਹੀ ਉਡੀਕ ਰਹੇ ਹੰੁਦੇ ਹਨ।
ਸ਼ਰਾਬ ਪ੍ਰਤੀ ਹੇਜ ਜਿਤਾਉਣ ਵਾਲੀ ਸਾਡੇ ਸਮਾਜ ਦੀ ਮਧਵਰਗੀ ਸ਼ੇ੍ਰਣੀ ਅਤੇ ਉੱਚ ਮੱਧ ਵਰਗੀ ਸ਼੍ਰੇਣੀ ਹੈ। ਮੱਧ ਵਰਗ ਦੋ ਵਰਗਾਂ ’ਚ ਵੰਡਿਆ ਹੋਇਆ ਹੈ। ਉੱਚ ਮੱਧ ਵਰਗ ਵੱਲ ਵੇਖ ਕੇ ਹੇਠਲਾ ਮੱਧ ਵਰਗ ਉਸ ਤਕ ਅਪੜਨ ਦੀ ਕੋਸ਼ਿਸ਼ ਵਿਚ, ਉਨ੍ਹਾਂ ਵਰਗਾ ਵਰਤਾਰਾ ਅਪਣਾਉਣ ਦੀ ਕੋਸ਼ਿਸ਼ ’ਚ ਰਹਿੰਦਾ ਹੈ। ਸ਼ਰਾਬ, ਸਮਾਗਮਾਂ ਦਾ ਇਕ ਮਹੱਤਵਪੂਰਨ ਹਿੱਸਾ ਮੰਨੀ ਜਾਂਦੀ ਹੈ। ਸਰਕਾਰਾਂ ਇਸ ਬਾਰੇ ਦਲੀਲ ਦਿੰਦੀਆਂ ਹਨ ਕਿ ਸ਼ਰਾਬ ਤੋਂ ਮਾਲੀਆ ਪ੍ਰਾਪਤ ਹੰੁਦਾ ਹੈ। ਫਿਰ ਇਹ ਵੀ ਕਹਿੰਦੇ ਹਨ ਕਿ ਇਸ ਵਿਚ ਸਿਖਿਆ ਸੈੱਸ ਵੀ ਸ਼ਾਮਲ ਹੈ। ਮਤਲਬ ਬੱਚਿਆਂ ਨੂੰ ਸਿੱਖਿਆ ਦੇਣ ਲਈ ਸ਼ਰਾਬ ਦੀ ਬੋਤਲ ’ਚੋਂ ਪੈਸੇ ਆਉਂਦੇ ਹਨ। ਦੂਜੇ ਪਾਸੇ ਗਰੀਬ ਬੰਦਾ, ਜਿੰਨੀ ਦਿਹਾੜੀ ਕਮਾਉਂਦਾ ਹੈ ਉਹ ਸ਼ਰਾਬ ’ਚ ਹੀ ਪੀ ਜਾਂਦਾ ਹੈ। ਘਰ ਵਿਚ ਆਟੇ ਲਈ ਪੈਸੇ ਨਹੀਂ ਫਿਰ ਉਹ ਆਪਣੇ ਬੱਚਿਆਂ ਲਈ ਸ਼ਰਾਬ ਪੀ ਕੇ ਸਿੱਖਿਆ ਸੈੱਸ ਕਮਾ ਕੇ, ਕਿਸ ਦੀ ਸੇਵਾ ਕਰ ਰਿਹਾ ਹੈ।
ਨਸ਼ੇ ਨਾਲ ਜੁੜਨ ਵਾਲੇ ਨੌਜਵਾਨਾਂ ਦਾ ਬੁਰਾ ਹਾਲ ਹੈ। ਨਸ਼ਿਆਂ ਨੂੰ ਕਾਰੋਬਾਰ ਬਣਾਉਣ ਵਾਲਿਆਂ ਦਾ ਇਕ ਬਹੁਤ ਵੱਡਾ ਤੰਤਰ ਹੈ ਜੋ ਸਕੂਲਾਂ, ਕਾਲਜਾਂ, ਇਥੋਂ ਤਕ ਕਿ ਕਸਬਿਆਂ ਤੇ ਪਿੰਡਾਂ ਦੀਆਂ ਦੁਕਾਨਾਂ ਤਕ ਫੈਲ ਚੁੱਕਾ ਹੈ। ਖਾਣ ਵਾਲੇ ਨਸ਼ੇ ਨੂੰ ਲੈ ਕੇ ਤਾਂ ਸਭ ਤੋਂ ਪਹਿਲਾਂ ਸਾਡੇ ਟਰੱਕ ਡਰਾਈਵਰ ਆਏ ਹਨ। ਟਰੱਕ ਨੂੰ ਦਿਨ ਰਾਤ ਚਲਾਉਂਦਿਆਂ ਉਹ ਜਰਦੇ ਦੀ ਪੁੜੀ ਲਾਉਂਦੇ ਰਹਿੰਦੇ ਹਨ ਅਤੇ ਫਿਰ ਉਸ ਦੇ ਆਦੀ ਹੋ ਜਾਂਦੇ ਹਨ। ਫਿਰ ਇਹ ਪੁੜੀਆਂ ਉਨ੍ਹਾਂ ਦੇ ਘਰਾਂ ਤਕ ਪਹੰੁਚੀਆਂ ਤੇ ਫਿਰ ਨਿਆਣਿਆਂ ਤਕ। ਨਸ਼ੇ ਦੀ ਡੋਜ਼ ਫਿਰ ਹੌਲੀ-ਹੌਲੀ ਵਧਦੀ ਜਾਂਦੀ ਹੈ। ਹੈਰੋਇਨ ਤੇ ਹੋਰ ਕਈ ਤਰ੍ਹਾਂ ਦੇ ਨਸ਼ੇ। ਟੀਕੇ ਵੀ ਲੱਗਦੇ ਹਨ। ਨਸ਼ੇ ਦੀ ਇਸ ਮਾਰ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਜਿਹੜੇ ਨੌਜਵਾਨ ਕੰਮਕਾਰ ਕਰ ਰਹੇ ਸਨ। ਖੇਤਾਂ ਵਿਚ ਹਲ ਵਾਹ ਰਹੇ ਸਨ। ਵਾਹੀ ਕਰ ਰਹੇ ਸਨ, ਨਸ਼ਿਆਂ ’ਚ ਗਲਤਾਨ ਹੋ ਕੇ ਸੁੱਤੇ ਰਹਿੰਦੇ। ਜਵਾਨੀ ਨੂੰ ਨਸ਼ਾ ਘੁਣ ਬਣ ਕੇ ਖਾ ਜਾਂਦਾ ਹੈ। ਇਹ ਲੋਕ ਤਾਂ ਅਗਲੀ ਪੀੜ੍ਹੀ ਨੂੰ ਜਨਮ ਦੇਣ ਦੇ ਵੀ ਕਾਬਲ ਨਹੀਂ ਰਹਿ ਜਾਂਦੇ।
ਕਹਿੰਦੇ ਹਨ ਕਿ ਨੱਸ਼ਈ ਦਾ ਚਿਹਰਾ ਤਾਂ ਉਸ ਦੀ ਮਾਂ ਨੂੰ ਵੀ ਚੰਗਾ ਨਹੀਂ ਲੱਗਦਾ। ਫਿਰ ਕਿਉਂ ਕਰਦੇ ਹਨ ਲੋਕ ਨਸ਼ਾ, ਨਸ਼ਾ ਕਿਉਂ ਬੰਦਿਆਂ ਨੂੰ ਘੇਰੇ ਵਿਚ ਲੈ ਲੈਂਦਾ ਹੈ। ਆਮ ਤੌਰ ’ਤੇ ਇਹ ਗੱਲ ਆਖੀ ਜਾਂਦੀ ਹੈ ਕਿ ਬੇਰੁਜ਼ਗਾਰੀ ਹੈ, ਨੌਕਰੀਆਂ ਨਹੀਂ ਮਿਲਦੀਆਂ। ਕਿਸਾਨਾਂ ਦੀ ਫ਼ਸਲ ਘੱਟ ਹੰੁਦੀ ਹੈ, ਜੋ ਉਨ੍ਹਾਂ ਦਾ ਪੂਰੀ ਤਰ੍ਹਾਂ ਪੇਟ ਨਹੀਂ ਭਰਦੀ। ਪਰ ਕੀ ਨਸ਼ਿਆਂ ਦਾ ਸੇਵਨ ਅਜਿਹੀ ਤੋਟ ਪੂਰੀ ਕਰ ਦਿੰਦਾ ਹੈ। ਇਹ ਤਾਂ ਕੇਵਲ ਇਕ ਬਹਾਨਾ ਹੈ। ਤੁਸੀਂ ਕੇਰਲ ਸੂਬੇ ਨੂੰ ਦੇਖ ਲਓ। ਸਾਖਰ ਲੋਕਾਂ ਦੀ ਔਸਤ ਸਭ ਤੋਂ ਵੱਧ ਕੇਰਲ ਵਿਚ ਹੈ। ਸੂਬੇ ਵਿਚ ਬੇਰੁਜ਼ਗਾਰੀ ਵੀ ਬਹੁਤ ਹੈ, ਪਰ ਉਥੋਂ ਦਾ ਨੌਜਵਾਨ ਨਸ਼ਿਆਂ ਵੱਲ ਨਹੀਂ ਉਲਰਿਆ। ਉਸ ਨੇ ਆਪਣੇ ਆਪ ਨੂੰ ਸੰਭਾਲਿਆ ਹੋਇਆ ਹੈ ਅਤੇ ਕੋਈ ਨਾ ਕੋਈ ਰੁਜ਼ਗਾਰ ਲੱਭਣ ਦੀ ਕੋਸ਼ਿਸ਼ ਵਿਚ ਹੈ।
ਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਨਸ਼ਿਆਂ ਦਾ ਸੇਵਨ ਕਮਜ਼ੋਰ ਮਨ ਵਾਲਾ ਵਿਅਕਤੀ ਹੀ ਕਰਦਾ ਹੈ। ਇਹ ਵੀ ਕਹਿ ਸਕਦੇ ਹਾਂ ਕਿ ਮੁਸੀਬਤਾਂ ਦਾ ਸਾਹਮਣਾ ਨਾ ਕਰਨ ਵਾਲਾ ਬੰਦਾ ਹੀ ਏਧਰ ਨੂੰ ਰੁਚਿਤ ਹੰੁਦਾ ਹੈ। ਕਿਸੇ ਮੁਸੀਬਤ ਤੋਂ, ਔਕੜ ਤੋਂ ਘਬਰਾ ਕੇ ਨਸ਼ਿਆਂ ਦਾ ਆਸਰਾ ਲੱਭਣਾ ਤਾਂ ਬੁਜ਼ਦਿਲੀ ਦੀ ਨਿਸ਼ਾਨੀ ਹੈ। ਇਹ ਤਾਂ ਉਹੀ ਗੱਲ ਹੋਈ ਮੁਸੀਬਤਾਂ ਨੂੰ ਗਲੋਂ ਲਾਹੁਣ ਲਈ ਹੋਰ ਵੱਡੀ ਮੁਸੀਬਤ ਨੂੰ ਗਲ ਵਿਚ ਪਾ ਲੈਣਾ। ਨਸ਼ਾ ਕਰਨ ਵਾਲਾ ਵਿਅਕਤੀ, ਦਰਅਸਲ ਆਪਣੇ ਆਪ ਵਿਚ ਗੁਆਚ ਜਾਣਾ ਚਾਹੰੁਦਾ ਹੈ। ਇਸ ਦਾ ਸਪੱਸ਼ਟ ਮਤਲਬ ਹੈ ਕਿ ਉਸ ਨੂੰ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਕੋਈ ਪਿਆਰ ਨਹੀਂ। ਉਹ ਆਪਣੇ ਆਲੇ-ਦੁਆਲੇ ਨੂੰ ਵੀ ਭੁੱਲ ਜਾਣਾ ਚਾਹੰੁਦਾ ਹੈ। ਸਾਡੀ ਇਕ ਪੁਰਾਣੀ ਕਹਾਵਤ ਹੈ,‘‘ਪੀਓ ਭੰਗਾਂ ਤੇ ਸੌਂਵੋਂ ਬਾਗੀਂ, ਪਿਛਲੇ ਜਿਊਣ ਆਪਣੇ ਭਾਗੀਂ।’’ ਇਹ ਤਾਂ ਉਸ ਜ਼ਮਾਨੇ ਦੀ ਕਹਾਵਤ ਹੈ ਜਦੋਂ ਲੋਕਾਂ ਦੇ ਘਰਾਂ ਵਿਚ ਕਣਕਾਂ ਦੇ ਅੰਬਾਰ ਲਗੇ ਹੰੁਦੇ ਸਨ। ਰੋਟੀ ਪਾਣੀ ਦੀ ਤਾਂ ਘੱਟੋ-ਘੱਟ ਪਰਿਵਾਰ ਨੂੰ ਕੋਈ ਥੋੜ੍ਹ ਨਹੀਂ ਸੀ ਹੰੁਦੀ ਪਰ ਅੱਜ ਤਾਂ ਲੋਕ ਜੋ ਕਮਾਉਂਦੇ ਹਨ ਉਹੀ ਰਾਤ ਨੂੰ ਖਾਂਦੇ ਹਨ। ਨਸ਼ਾ ਅਮੀਰ ਨੂੰ ਤਾਂ ਕੁਝ ਨਹੀਂ ਕਹਿੰਦਾ ਪਰ ਗਰੀਬ ਦੀ ਤਾਂ ਜਾਨ ਖਾ ਜਾਂਦਾ ਹੈ, ਉਸ ਦੇ ਸਾਰੇ ਪਰਿਵਾਰ ਨੂੰ ਹੀ ਪੀ ਜਾਂਦਾ ਹੈ।
ਨਸ਼ਿਆਂ ਨੂੰ ਤਿਆਗ ਕੇ, ਜ਼ਿੰਦਗੀ ਦੇ ਕਿਸੇ ਮਕਸਦ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਨੂੰ ਜੀਵਿਆਂ ਜਾ ਸਕਦਾ ਹੈ। ਕਈ ਲੋਕ ਕਹਿ ਦਿੰਦੇ ਹਨ ਕਿ ਨਸ਼ੇ ਤਾਂ ਕੀਤੇ ਜਾ ਰਹੇ ਹਨ ਕਿਉਂਕਿ ਇਹ ਸੌਖੀ ਤਰ੍ਹਾਂ ਉਪਲਬੱਧ ਕਰਾਏ ਜਾ ਰਹੇ ਹਨ। ਇਹ ਵੀ ਗੱਲ ਨਹੀਂ, ਗੱਲ ਸਿਰਫ ਆਪਣੇ ਮਨ ਨੂੰ ਪੀਡਾ ਕਰਨ ਦੀ ਹੈ। ਹੁਣ ਕੂੜਿਆਂ ਦੇ ਬਹੁਤ ਸਾਰੇ ਢੇਰ ਸਾਡੇ ਆਲੇ-ਦੁਆਲੇ ’ਚ ਉਪਲਬੱਧ ਹਨ, ਕੀ ਅਸੀਂ ਉਨ੍ਹਾਂ ਨੂੰ ਚੁੱਕ ਕੇ ਆਪਣੇ ਘਰਾਂ ਵਿਚ ਲੈ ਆਉਂਦੇ ਹਾਂ। ਨਹੀਂ, ਮਨ ਨੂੰ ਗੰਢ ਮਾਰਨ ਦੀ ਲੋੜ ਹੈ ਅਤੇ ਆਪਣੇ ਮਨ ਨਾਲ ਫ਼ੈਸਲਾ ਕਰਨ ਦੀ ਲੋੜ ਹੈ ਕਿ ਜ਼ਿੰਦਗੀ ਦਾ ਕੋਈ ਨੇਮ ਬਣਾਓ, ਨਿਸ਼ਾਨਾ ਬਣਾਓ, ਕਰਮਸ਼ੀਲ ਬਣੋ ਅਤੇ ਨਸ਼ਿਆਂ ਨੂੰ ਤਿਆਗ ਕੇ ਪਹਿਲਾਂ ਆਪਣੇ ਮਨ ਦੀ ਉਸਾਰੀ ਕਰੋ, ਫਿਰ ਤਨ ਦੀ ਤੇ ਫਿਰ ਆਪਣੇ ਪਰਿਵਾਰ ਤੇ ਸਮਾਜ ਦੀ।

Written By:  Kuldeep Singh Bedi 


Leave a Reply

Your email address will not be published. Required fields are marked *

0 Comments