Sunday , 19 May 2024
Sunday , 19 May 2024

ਹੀਰ

top-news
  • 12 May, 2022

ਹੀਰ

ਪੰਜਾਬੀ ਫ਼ੋਕਲੋਰ ਦਾ ਚਹੇਤਾ ਕਿਰਦਾਰ

By Tarlochan Singh Bhatti

           ਸਿਵਲ ਸਰਵਿਸਜ਼ ਦੀ ਤਿਆਰੀ ਦੋਰਾਨ ਮੈਨੂੰ ਪੰਜਾਬੀ ਸਾਹਿਤ ਪੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਪੜਨ ਦੋਰਾਨ ਮੇਰੇ ਨੋਟਿਸ ਵਿੱਚ ਪੰਜਾਬੀ ਫੋਕਲੋਰ ਦਾ ਉਹ ਕਿਰਦਾਰ ਆਇਆ ਹੈ ਜਿਸ ਨੇ ਮੈਨੂੰ ਮਜਬੂਰ ਕੀਤਾ ਹੈ ਕਿ ਮੈਂ ਉਸ ਬਾਰੇ ਸੋਚਾਂ, ਵਿਚਾਰਾਂ ਅਤੇ ਕੁਝ ਲਿਖਾਂ ਉਹ ਕਿਰਦਾਰ ਸੀ ਸਮੂਹ ਪੰਜਾਬੀਆਂ ਦੀ ਚਹੇਤੀ ਹੀਰ ਹੀਰ ਬਾਰੇ ਕਿੱਸਾਕਾਰਾਂ ਨੇ ਬਹੁਤ ਕੁਝ ਕਵਿਤਾਇਆ ਹੈ ਅਤੇ ਹੋਰਨਾਂ ਨੇ ਵੀ ਬਹੁਤ ਕੁਝ ਲਿਖਿਆ ਹੈ ਪਰ ਮੈਨੂੰ ਲਗਦਾ ਹੈ ਕਿ ਉਸਦੇ ਵਿਅਕਤੀਤਵ ਨਾਲ ਇਨਸਾਫ ਨਹੀਂ ਕੀਤਾ ਗਿਆ ਕਿੱਸਾਕਾਰ ਦਮੋਦਰ ਨੇ ਹੀਰ ਰਾਂਝੇ ਦੀ ਪ੍ਰੇਮ ਗਾਥਾ ਨੂੰਅੱੱਖੀ ਡਿੱਠਾਕਹਿ ਦਿੱਤਾ, ਮੁਕਬਲ ਨੇ ਆਸ਼ਕਾ ਦੇ ਕਹਿਣ ਤੇ ਕਿਸਾ ਹੀਰ ਰਾਂਝਾ ਲਿਖਿਆ, ਵਾਰਸ ਨੇ ਯਾਰਾਂ ਦੀ ਫਰਮਾਇਸ਼ ਉਤੇ ਕਿੱਸਾ ਹੀਰ ਰਾਝਾਂ ਲਿਖਿਆ ਕਹਿਣ ਦਾ ਮਤਲਬ ਹੈ ਕਿ ਕਿੱਸਾਕਾਰਾਂ ਅਤੇ ਕਾਫੀ ਹੱਦ ਤੱਕ ਹੋਰ ਲੇਖਕਾਂ ਨੇ ਹੀਰ ਦੇ ਵਿਅਕਤੀਤਵ ਨੂੰ ਸਹੀ ਪ੍ਰੀਪੇਖ ਵਿੱਚ ਪੇਸ਼ ਨਹੀਂ ਕੀਤਾ ਹੀਰ: ਰਾਂਝੇ ਦੀ ਰੰਝੇਟੀ, ਪੰਜਾਬੀ ਫੋਕਲੋਰ ਦੀ ਸ਼ਾਹ-ਰਗ, ਸੰਪੂਰਨ ਔਰਤ ਦੀ ਅਭਿਵਿਅਕਤੀ ਅਤੇ ਸਮੂਹ ਪੰਜਾਬੀਆਂ ਦੀ ਚਹੇਤੀ ਪੰਜਾਬੀ ਭਾਵਂੇ ਮਾਝੇ ਵਿੱਚ ਵੱਸਦੇ ਹੋਣ ਭਾਵੇਂ ਮਾਲਵੇ ਵਿੱਚ, ਝੰਗ ਵਿੱਚ ਵੱਸਦੇ ਹੋਣ ਜਾਂ ਮੁਲਤਾਨ ਵਿੱਚ, ਲਹੋਰੀਏ ਹੋਣ ਜਾਂ ਅੰਮ੍ਰਿਤਸਰੀਏ, ਸਾਉਥਹਾਲੀਏ ਹੋਣ ਜਾਂ ਵੈਨਕੁਵਰੀਏ ਹੀਰ ਸਭ ਦੀ ਕੁਝ ਨਾ ਕੁਝ ਲੱਗਦੀ ਹੈ ਲੱਗਦਾ ਹੈ ਕਿ ਉਹ ਪੰਜਾਬੀਆਂ ਦੀ ਹੀ ਨਹੀਂ ਸਗੋਂ ਸਮੁੱਚੀ ਔਰਤ ਜਾਤ ਦੀ ਤਰਜਮਾਨ ਹੈ ਜੋ ਆਪਣੇ ਸਮਕਾਲੀ ਸਮੇਂ ਵਿਅਕਤੀਗਤ ਅਜਾਦੀ ਅਤੇ ਸਮਾਜਿਕ ਬਰਾਬਰੀ ਦੀ ਕੇਂਦਰ ਬਿੰਦੂ ਬਣੀ ਮੈਂ ਨਿਰਨਾ ਲਿਆ ਕਿ ਪੰਜਾਬੀਆਂ ਦੀ ਚਹੇਤੀਹੀਰਨੂੰ ਇੱਕ ਵੱਖਰੇ ਸਦੰਰਭ ਵਿੱਚ ਪੇਸ਼ ਕਰਾਂਗਾ ਅਤੇ ਜਦੋਂ ਮੈਨੂੰ ਉਸ ਬਾਰੇ ਲਿਖਣ ਦੀ ਫ਼ੁਰਸਤ ਅਤੇ ਵਾਤਾਵਰਨ ਮਿਲਿਆ ਤਾ ਮੈਨੂੰ ਗੁਰਦਾਸ ਰਾਮ ਆਲਮ ਜੀ ਦੀ ਕਵਿਤਾ ਦੀਆਂ ਉਹ ਸਤਰਾਂ ਯਾਦ ਆਈਆਂ :

ਓਏ ਕਵੀਆ ਮੇਰੀ ਕਲਾਸ ਦਿਆ,

ਛੱਡ ਆਦਤ ਨੱਚਣੇ ਗਾਣੇ ਦੀ

ਜਾਂ ਬੈਠਾ ਰਹੁ ਮੂੰਹ ਬੰਦ ਕਰਕੇ,

ਜਾਂ ਗੱਲ ਕਰ ਕਿਸੇ ਟਿਕਾਣੇ ਦੀ

ਕੀ ਲਿਖਦਾ ਕਿਸ ਲਈ ਲਿਖਦਾ ਹੈ,

ਇਸ ਗੱਲ ਨੂੰ ਬਹਿਕੇ ਸੋਚ ਜਰਾ,

ਤੇਰੀ ਲਿਖਤ ਸਹਾਇਤਾ ਕਰਦੀ ਹੈ,

ਜਾਂ ਲਿਸੇ ਜਾਂ ਜਰਵਾਣੇ ਦੀ

          ਮੈਂ ਫਿਰ ਹੀਰ ਦੇ ਕਿਰਦਾਰ ਨੂੰ ਉਲੀਕਣਾ ਸ਼ੁਰੂ ਕੀਤਾ ਕਿ ਉਹ ਇੱਕ ਔਰਤ ਹੋਣ ਦੇ ਨਾਤੇ ਕੀ ਸੋਚਦੀ ਹੋਵੇਗੀ, ਕੀ ਮਹਿਸੂਸ ਕਰਦੀ ਹੋਵੇਗੀ, ਕੀ ਚਾਹੁੰਦੀ ਹੋਵੇਗੀ ਆਪਣੀ ਕਵਿਤਾ ਦੀ ਪੁਸਤਕ ਕਲਾਮ ਹੀਰ ਰਾਹੀਂ ਮੈਂ ਹੀਰ ਦੀ ਚੁੱਪ ਤੋੜਨ ਅਤੇ ਉਸਦੀ ਅਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਹੈ ਮੈਂ ਯਤਨ ਕੀਤਾ ਹੈ ਕਿ ਹੀਰ ਖੁੱਲ ਕੇ ਬੋਲੇ ਉਸਨੇ ਬੋਲਣਾ ਸ਼ੁਰੂ ਕੀਤਾ

ਤੁਸਾਂ ਮਾਰ ਕੇ ਮੈਨੂੰ ਪਾਇਆ ਕਬਰੇ,

ਫਿਰ ਵੀ ਅਮਰ ਹੋਈ ਆਂ, ਇਕ ਚਾਹਤ ਬਣ ਗਈ

ਵਸਾਂ ਮਰਦਾਂ ਦੇ ਮਨ ਵਿੱਚ ਰੀਝ ਵਾਂਗੂੰ,

ਹਰ ਨੱਢੀ ਲਈ ਜੀਉਣ ਦੀ ਜਾਚ ਬਣ ਗਈ

ਰਾਂਝੇ ਹੀਰ ਵਾਂਗ ਸਾਡੀ ਵੀ ਬਣੇ ਜੋੜੀ’,

ਹਰ ਇੱਕ ਲਈ ਸੋਚਣ ਦੀ ਬਾਤ ਬਣ ਗਈ

ਇਸ ਸਮਾਜ ਦੇ ਹਾਕਮ ਤੇ ਕਾਜੀਆਂ ਲਈ,

ਹੀਰ ਆਖਦੀ, ‘ਹੀਰ ਸਰਾਪ ਬਣ ਗਈ

                   ਕਲਾਮ ਹੀਰ ਰਾਹੀਂ ਉਹ ਆਪਣੇ ਬਾਰੇ ਲਿਖਣ ਵਾਲੇ ਸਾਰੇ ਕਵੀਆਂ ਅਤੇ ਲੇਖਕਾਂ ਨੂੰ ਕਹਿੰਦੀ ਹੈ:

ਹੀਰ ਆਖਦੀ, ਲਿਖਿਆ ਜਿਸ ਖਾਤਰ,

ਉਸ ਹੀਰ ਨੂੰ ਨਾ ਇਨਸਾਫ ਮਿਲਿਆ

ਕਾਹਦੇ ਕਲਮ ਦੇ ਧਨੀ ਹੋ ਕਲਮ-ਕਾਰੋ,

ਅਜੇ ਤੀਕ ਨਾ ਹੀਰ ਨੂੰ ਚਾਕ ਮਿਲਿਆ

ਦੰਦ ਕਥਾ ਹੀ ਤੁਸਾਂ ਨੇ ਲਿਖ ਮਾਰੀ,

ਲਿਖਣ ਲਈ ਨਾ ਕੋਈ ਅਹਿਸਾਸ ਮਿਲਿਆ

ਲਿਖ ਲਿਖ ਕੇ ਹੀਰ ਕਮਲੀ ਕੀਤੀ,

ਤੁਹਾਡੀ ਕਲਮ ਨੂੰ ਕੇਹਾ ਸਰਾਪ ਮਿਲਿਆ

                             ਉਸ ਨੇ ਕਿੱਸਕਾਰਾਂ ਲਈ ਇੱਕ ਦੁਆ ਕੀਤੀ ਹੈ:

ਚੂਚਕ ਜਾਈ ਦੀ ਇਹੋ ਦੁਆ ਸ਼ਾਲਾ!,

ਕਿੱਸਾਕਾਰਾਂ ਦੇ ਘਰ ਵੀ ਧੀ ਜੰਮੇ

ਮੇਰੇ ਚਾਕ ਜਿਹਾ ਉਹ ਵੀ ਵਰ ਮੰਗੇ,

ਵੱਸੇ ਨੇੜੇ ਤੇੜੇ ਨਾ ਜਾਏ ਦੇਸ਼ ਲੰਮੇ

ਪੇਸ਼ੀ ਪਵੇ ਕਚਹਿਰੀ ਤੇ ਥਾਣਿਆਂ ਵਿੱਚ,

ਗੱਲ ਲੱਗੇ ਨਾ ਕਿਸੇ ਸਿਰੇ-ਬੰਨੇ

ਉਸ ਕੁੜੀ ਦਾ ਕਿਸਾ ਜੇ ਆਖ ਸਕੋ,

ਮੇਰੇ ਅੰਦਰਲੀਹੀਰਤੁਹਾਨੂੰ ਸ਼ਾਇਦ ਮੰਨੇ

ਹੀਰ ਨੂੰ ਕਿੱਸਾਕਾਰ ਦਮੋਦਰ ਨਾਲ ਵੀ ਗਿਲਾ ਹੈ ਕਿ ਉਸ ਨੇ ਹੀਰ ਬਾਰੇ ਤੱਥਾਂ ਦੇ ਅਧਾਰ ਤੇ ਆਪਣਾ ਕਿੱਸਾ ਨਹੀਂ ਲਿਖਿਆ ਇਸੇ ਲਈ ਤਾਂ ਉਹ ਕਹਿੰਦੀ ਹੈ :

ਹੀਰ ਆਖਦੀ, ਸੁਣੀ ਦਮੋਦਰਾ ਤੂੰ,

ਕਿੱਸਾ ਹੀਰ ਦਾ ਤੁੂੰ ਸੀ ਛੋਹਿਆ

ਤੁੂੰ ਤਾਂ ਵੇਖਿਆ ਨਹੀਂ ਸੀ ਕਦੇ ਮੈਨੂੰ,

ਅੱਖੀ ਡਿੱਠਾਐਵੇ ਲਿਖੀ ਜਾਏਂ ਮੋਇਆ

ਪੰਦਰ੍ਹਾਂ ਸੌ ਉਨੱਤੀ ਸੰਮਤ ਬਿਕਰਮ,

ਰਾਂਝੇ ਹੀਰ ਦਾ ਪੂਰਾ ਇਸ਼ਕ ਹੋਇਆ

ਕਿਤੇ ਮਿਲੇ ਤਾਂ ਪਰ੍ਹੇ ਦੇ ਵਿੱਚ ਪੁੱਛਾਂ,

ਝੂਠ ਬੋਲਿਆ ਮੱਹੁਰਾ ਅੱਕ ਚੋਇਆ

ਉਸਨੂੰ ਵਾਰਿਸ਼ ਸ਼ਾਹ ਅਤੇ ਹੋਰ ਕਿਸਾਕਾਰਾਂ ਨਾਲ ਵੀ ਗਿਲਾ ਹੈ ਕਿ ਉਹਨਾਂ ਨੇ ਹੀਰ ਦੇ ਕਿਰਦਾਰ ਨਾਲ ਇਨਸਾਫ ਨਹੀ ਕੀਤਾ ਇਸੇ ਲਈ ਤਾਂ ਉਹ ਕਹਿੰਦੀ ਹੈ:

ਯਾਰਾਂ ਮਿੱਤਰਾਂ ਦੀ ਫਰਮਾਇਸ਼ ਉੱਤੇ,

ਕਿੱਸਾ ਹੀਰ ਦਾ ਚਾ ਬਣਾਏ ਵਾਰਿਸ

ਮਜ਼ਾ ਹੀਰ ਦੇ ਇਸ਼ਕ ਦਾ ਲੈਣ ਖਾਤਰ

ਜਾ ਕਸੂਰ ਦੀਆਂ ਸਫ੍ਹਾਂ ਵਿੱਚ ਗਾਏ ਵਾਰਿਸ

ਰੰਨ ਰੇਸ਼ਮੀ ਕੱਪੜਾ ਪਾ ਮੈਲੀ,

ਚੰਗੀ ਭਲੀ ਤੇ ਤੁਹਮਤਾਂ ਲਏ ਵਾਰਿਸ

ਭੰਡਦਾ ਫਿਰੇ ਉਹ ਔਰਤ ਜਾਤ ਤਾਈਂ,

ਮੇਰੀ ਰੂਹ ਨੂੰ ਰਤਾ ਨਾ ਭਾਏ ਵਾਰਿਸ,

ਹਾਸ਼ਮ, ਫ਼ਜ਼ਲ, ਭਗਵਾਨ ਸਿੰਘ, ਕਿਸ਼ਨ ਆਰਿਫ਼,

ਪੀਰ ਮੁਹੰਮਦ ਨੇ ਵੀ ਕਿੱਸਾ ਜੋੜ ਦਿੱਤਾ

ਵੱਡੇ ਛੋਟੇ ਕਈ ਹੋਰ ਕਵੀਆ,

ਮੇਰਾ ਹੁਲੀਆ ਹੀ ਸਾਰਾ ਮਰੋੜ ਦਿੱਤਾ

ਕਿਸੇ ਮਿੱਥ ਤੇ ਕਿਸੇ ਨੇ ਤਿੱਥ ਲਿਖਿਆ,

ਅਸਲ ਗਾਥਾ ਤੇ ਨਹੀਉਂ ਜੋਰ ਦਿੱਤਾ

ਲਿਖਿਆ ਕੀ ਕੀ ਉਨ੍ਹਾ ਨੇ ਕੀ ਦੱਸਾਂ

ਅੰਦਰਂੋ ਅੰਦਰੀ ਮੈਨੂੰ ਤਾਂ ਖੋਰ ਦਿੱਤਾ

ਅੰਗਰੇਜ ਖੋਜਕਾਰ ਰਿਚਰਡ ਟੈਂਪਲ ਜਿਸਨੇ ਲੋਕਾਂ ਕੋਲੋ ਹੀਰ ਦਾ ਕਿੱਸਾ ਸੁਣ ਕੇ ਉਸਨੂੰ ਕਲਮਬੰਦ ਕਰਵਾਇਆ ਹੈ ਬਾਰੇ ਹੀਰ ਆਖਦੀ ਹੈ:

ਸੁਣ ਰਿਚਰਡ ਟੈਂਪਲ ਗੋਰਿਆ ਵੇ,

ਹੇਜ਼ ਮੇਰੇ ਨਾਲ ਕਾਹਤੋਂ ਪਾਲਿਆ ਜੇ

ਖੁੰਢ ਚਰਚਾ ਮੇਰੀ ਪ੍ਰੀਤ ਵਾਲਾ,

ਇਕੱਠਾ ਕਰਕੇ ਕਿਉਂ ਸੰਭਾਲਿਆ ਜੇ

ਸਾਹਿਤ ਵਿੱਚ ਤਾਂ ਥਾਂ ਦਿਵਾ ਦਿੱਤੀ,

ਨਾ ਸਮਾਜ ਵਿੱਚ ਥਾਂ ਦਵਾਲਿਆ ਜੇ

ਹੀਰ ਆਖਦੀ, ਸ਼ਾਇਰੋ! ਸੱਚ ਆਖਾਂ,

ਹੀਰ ਲਿਖ ਕੇ ਮਨ ਪਰਚਾ ਲਿਆ ਜੇ

ਹੀਰ ਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਕਿਸੇ ਔਰਤ ਕਵਿੱਤਰੀ ਉਸ ਬਾਰੇ ਉਸਦੇ ਜੀਵਨ ਬਾਰੇ ਕੁਝ ਨਹੀ ਲਿਖਿਆ ਇਸੇ ਲਈ ਉਸਨੇ ਪੰਜਾਬ ਦੀ ਮਸ਼ਹੂਰ ਕਵਿੱਤਰੀ ਅਮਿ੍ਰੰਤਾ ਪ੍ਰੀਤਮ ਦਾ ਵੀ ਲਿਹਾਜ ਨਹੀਂ ਕੀਤਾ ਉਹ ਕਹਿੰਦੀ ਹੈ:

ਹੀਰ ਆਖਦੀ, ਸ਼ਾਇਰੋ! ਪੁੱਛੋ ਉਹਨੂੰ,

ਕਬਰਾਂ ਵਿੱਚੋਂ ਜੋ ਵਾਰਿਸ ਬੁਲਾਂਵਦੀ

ਉਸ ਮੋਏ ਮਰ ਜਾਣੇ ਨੇ ਕਿਥੋਂ ਆਉਣਾ,

ਐਵੇਂ ਆਪਣਾ ਮਨ ਪਰਚਾਂਵਦੀ

ਮੈਨੂੰ ਜੇ ਬੁਲਾਉਂਦੀ ਮੈਂ ਝੱਟ ਆਉਂਦੀ,

ਕਈ ਸਦੀਆਂ ਤੋਂ ਹੀਰ ਕੁਰਲਾਂਵਦੀ

ਕੋਈ ਮੈਨੂੰ ਤਾਂ ਅੜਿਓ ਪੁੱਛ ਵੇਖੋ,

ਹੀਰ ਸਲੇਟੀ ਕੀ ਕੁਝ ਚਾਮਦੀ

ਹੀਰ ਆਪਣੇ ਬਾਰੇ ਸ਼ਪੱਸ਼ਟ ਹੈ ਕਿ ਉਹ ਕੀ ਚਾਹੁੰਦੀ ਹੈ:

ਚਾਹਵਾਂ ਮੈਂ ਸਵੈ-ਮਾਣ ਦੇ ਨਾਲ ਜਿਉੂਂਣਾ,

ਤਾ-ਜਿੰਦਗੀ ਰਾਂਝੇ ਦਾ ਸਾਥ ਚਾਹਵਾਂ

ਧੀ-ਪੁੱਤ ਦੀ ਉਸ ਤੋਂ ਦਾਤ ਪਾ ਕੇ,

ਭਾਗਾਂਵਾਲੜੀ ਮੈਂ ਵੀ ਬਣ ਜਾਵਾਂ

ਪਿਆਰ ਰੱਜਵਾ ਰਾਂਝੇ ਤੋਂ ਪਾ ਕੇ,

ਘਰ ਘਾਟ ਵੀ ਉਸ ਥੀਂ ਪਾਵਾਂ

ਜੀਉੜਾ ਲੋਚੇ ਮਹਿਬੂਬ ਤੋਂ ਮਾਂ ਬਣਨਾ,

ਮਾਂ ਬਣਕੇ ਠੰਡੀਆਂ ਕਰਾਂ ਛਾਵਾਂ

ਹੀਰ ਨੇ ਕਲਾਮ ਹੀਰ ਰਾਹੀਂ ਹੋਰ ਵੀ ਬਹੁਤ ਕੁਝ ਕਿਹਾ ਹੈ ਪੰਜਾਬੀਆਂ ਦੀ ਚਹੇਤੀ ਹੀਰ ਨੇ ਆਪਣੇ ਸਮੁੱਚੇ ਕਿਰਦਾਰ ਨੂੰ ਇੱਕ ਅਹਿਸਾਸ ਵਿੱਚ ਪਰੋਇਆ ਹੈ ਉਸ ਅਨੁਸਾਰ :

ਹੀਰ ਕੋਈ ਅਪਸਰਾ ਹੂਰ ਨਾਹੀਂ,

ਹੀਰ ਨਾਮ ਤਾਂ ਇਕ ਵਿਸ਼ਵਾਸ਼ ਦਾ ਹੈ

ਹੀਰ ਨਾਮ ਹੈ ਪਿਆਰ, ਬਰਾਬਰੀ ਦਾ,

ਹੀਰ ਨਾਮ ਮਹਿਬੂਬ ਦੇ ਸਾਥ ਦਾ ਹੈ

ਹੀਰ ਨਾਮ ਹੀ ਸਿਦਕ ਤੇ ਵਫ਼ਾ ਦਾ ਹੈ,

ਹੀਰ ਨਾਮ ਹੱਕ ਇਨਸਾਫ ਦਾ ਹੈ

ਧੀ, ਭੈਣ, ਬੀਵੀ, ਮਾਂਹੀਰਹੋਸੀ

ਨਾਮਹੀਰਨਾਰੀ ਅਹਿਸਾਸ ਦਾ ਹੈ

 ਕਲਾਮ ਹੀਰ ਦਾ ਲਿੰਕ https://m.facebook.com/story.php?story_fbid=1358843154633131&id=100015223786232  

 Writer  is a Retd PCS  Officer


Leave a Reply

Your email address will not be published. Required fields are marked *

0 Comments