Friday , 17 May 2024
Friday , 17 May 2024

ਦੋਸਤੀ ਦੀ ਪਛਾਣ

top-news
  • 09 Feb, 2022

ਬਹੁਤ ਚਿਰ ਪਹਿਲਾਂ ਮੈਂ ਇਕ ਗ਼ਜ਼ਲ ਦਾ ਸ਼ੇਅਰ ਲਿਖਿਆ ਸੀ, ‘‘ਯਾਰਾਂ, ਯਾਰੀ ਲਾਈ ਹੈ ਜੇਬਾਂ ਦੇ ਅੰਦਾਜ਼ੇ ਲਾ ਕੇ।’’ ਦੋਸਤੀ ਦੀ ਬੁਨਿਆਦ ਈਮਾਨਦਾਰੀ ਹੋਣੀ ਚਾਹੀਦੀ ਹੈ ਨਾ ਕਿ ਅਮੀਰੀ। ਕਿਸੇ ਨੂੰ ਆਰਥਿਕ ਪੱਖੋਂ ਖੁਸ਼ਹਾਲ ਦੇਖ ਕੇ, ਉਸ ਨਾਲ ਯਾਰੀ ਨਹੀਂ ਲਾਉਣੀ ਚਾਹੀਦੀ। ਸਗੋਂ ਪਹਿਲਾਂ ਤੁਹਾਡੇ ਅੰਦਰ ਉਸ ਵਿਅਕਤੀ ਲਈ ਦੋਸਤੀ ਦਾ ਅਹਿਸਾਸ ਪੈਦਾ ਹੋਵੇ ਫਿਰ ਭਾਂਵੇ ਉਹ ਬੰਦਾ ਅਮੀਰ ਹੈ ਜਾਂ ਗ਼ਰੀਬ ਇਹ ਬਾਅਦ ਦੀ ਗੱਲ ਹੈ। ਤੁਹਾਡਾ ਮਿੱਤਰ ਕੌਣ ਹੈ, ਤੁਹਾਡਾ ਦੁਸ਼ਮਣ ਕੌਣ ਹੈ, ਕੀ ਇਸ ਗੱਲ ਦੀ ਤੁਸੀਂ ਕਦੇ ਪਛਾਣ ਕੀਤੀ ਹੈ?
ਇਕ ਕਥਨ ਇਹ ਵੀ ਹੈ,‘‘ਜੇ ਕਾਮਯਾਬ ਹੋਣਾ ਹੈ ਤਾਂ ਤੁਹਾਨੂੰ ਇਕ ਵਧੀਆ ਮਿੱਤਰ ਦੀ ਲੋੜ ਹੈ, ਜੇ ਵਧੇਰੇ ਕਾਮਯਾਬ ਹੋਣਾ ਹੈ ਤਾਂ ਤੁਹਾਨੂੰ ਦੁਸ਼ਮਣ ਦੀ ਲੋੜ ਹੈ।’’ ਇਸ ਕਥਨ ਦਾ ਪਹਿਲਾ ਅੱਧ ਤਾਂ ਸਮਝ ਆਉਣ ਵਾਲਾ ਹੈ, ਪਰ ਦੂਜਾ ਅੱਧ ਦੁਸ਼ਮਣ ਕਿਵੇਂ ਤੁਹਾਡੀ ਵੱਡੀ ਸਫ਼ਲਤਾ ਦਾ ਕਾਰਣ ਬਣ ਸਕਦਾ ਹੈ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਤੁਸੀਂ ਕੋਈ ਕਾਰੋਬਾਰ ਕਰਦੇ ਹੋ, ਤੁਹਾਡੇ ਕਾਰੋਬਾਰ ’ਤੇ ਹੀ ਕੋਈ ਤੁਹਾਡਾ ਜਾਣਕਾਰ ਉਹੀ ਕਾਰੋਬਾਰ ਖੋਲ੍ਹ੍ਹਲੈਂਦਾ ਹੈ। ਤੁਹਾਡੀ ਦੁਸ਼ਮਣੀ ਸ਼ੁਰੂ ਹੋ ਜਾਂਦੀ ਹੈ, ਕਾਰੋਬਾਰੀ ਦੁਸ਼ਮਣੀ। ਹੁਣ ਤੁਸੀਂ ਆਪਣੇ ਦੁਸ਼ਮਣ ਨੂੰ ਨੀਵਾਂ ਦਿਖਾਉਣਾ ਹੈ, ਕਿਵੇਂ ਦਿਖਾ ਸਕਦੇ ਹੋ? ਉਸ ਨਾਲੋਂ ਜ਼ਿਆਦਾ ਕੰਮ ਕਰਕੇ, ਉਸ ਨਾਲੋਂ ਹੋਰ ਵੀ ਜ਼ਿਆਦਾ ਆਪਣਾ ਕਾਰੋਬਾਰ ਵਧਾ ਕੇ। ਸ਼ਾਇਦ ਤੁਸੀਂ ਆਪਣਾ ਚਲ ਰਿਹਾ ਕਾਰੋਬਾਰ ਉਸ ਪੱਧਰ ’ਤੇ ਹੀ ਰਹਿਣ ਦਿੰਦੇ ਜੇ ਤੁਹਾਡਾ ਕੋਈ ਦੁਸ਼ਮਣ ਨਾ ਪੈਦਾ ਹੋ ਗਿਆ ਹੰੁਦਾ। ਸੋ ਉਪਰਲਾ ਕਥਨ ਬਿਲਕੁਲ ਸਹੀ ਹੈ।


ਦੋਸਤੀ ਦਾ ਆਧਾਰ ਤੁਹਾਡਾ ਇਕ ਦੂਜੇ ਪ੍ਰਤੀ ਈਮਾਨਦਾਰ ਹੋਣਾ, ਪਾਰਦਰਸ਼ੀ ਹੋਣਾ ਹੈ। ਇਕ ਦੂਜੇ ਪ੍ਰਤੀ ਸਾਫ਼ ਦਿਲ ਰੱਖ ਕੇ ਹੀ ਤੁਸੀਂ ਦੋਸਤੀ ਨੂੰ ਅੱਗੇ ਵਧਾ ਸਕਦੇ ਹੋ। ਦੋਸਤੀ ਦਾ ਆਧਾਰ ਪੈਸਾ ਨਹੀਂ ਹੋਣਾ ਚਾਹੀਦਾ। ਦੋਸਤ ਦੀ ਦੋਸਤੀ ਪਿਆਰੀ ਹੋਣੀ ਚਾਹੀਦੀ ਹੈ। ਉਸ ਦੇ ਐਬਾਂ ਨੂੰ ਨਾ ਦੇਖੋ, ਉਸ ਅੰਦਰ ਹੋਰ ਵੀ ਕੋਈ ਬੁਰਾਈ ਹੋ ਸਕਦੀ ਹੈ ਪਰ ਤੁਸੀਂ ਇਹ ਦੇਖੋ ਕਿ ਤੁਹਾਡੇ ਨਾਲ ਉਹ ਦੋਸਤੀ ’ਤੇ ਖਰਾ ਉੱਤਰ ਰਿਹਾ ਹੈ ਜਾਂ ਨਹੀਂ। ਦੋਸਤੀ ਦਾ ਰਿਸ਼ਤਾ ਬੇਸ਼ੱਕ ਖੁਸ਼ਦਿਲੀ ਵਾਲਾ ਹੰੁਦਾ ਹੈ ਤੁਸੀਂ ਉਸਨੂੰ ਅਤੇ ਉਹ ਤੁਹਾਨੂੰ ਹਰ ਤਰ੍ਹਾਂ ਦੀ ਗੱਲ ਕਹਿ ਸਕਦਾ ਹੈ। ਤੁਸੀਂ ਇਕ ਦੂਜੇ ਨੂੰ ਮਖੌਲ, ਹੱਦ ਦਰਜੇ ਤਕ ਕਰ ਸਕਦੇ ਹੋ। ਪਰ ਦੋਸਤ ਦੀ ਕਿਸੇ ਬੁਰਾਈ ਦਾ ਬਖਾਨ ਤੁਸੀਂ ਪੂਰੀ ਮਹਿਫਲ ’ਚ ਨਹੀਂ ਕਰ ਸਕਦੇ। ਜੇ ਤੁਸੀਂ ਉਸਦੀ ਕੋਈ ਮਾੜੀ ਗੱਲ ਜਾਂ ਮਾੜੀ ਹਰਕਤ ਦੇਖੀ ਹੈ ਤਾਂ ਉਸ ਬਾਰੇ ਉਸ ਨਾਲ ਵੱਖਰਿਆਂ ਬੈਠਕੇ ਗੱਲ ਕੀਤੀ ਜਾਏ ਜਾਂ ਉਸ ਨੂੰ ਸਮਝਾਇਆ ਜਾਏ।


ਕਈ ਮਾਮਲਿਆਂ ’ਚ ਮਿੱਤਰ ਬੜੇ ਹੀ ਸੰਵੇਦਨਸ਼ੀਲ ਹੰੁਦੇ ਹਨ। ਇਸ ਸੰਵੇਦਨਸ਼ੀਲਤਾ ਨੂੰ ਪਛਾਨਣ ਦੀ ਲੋੜ ਹੈ। ਤੁਸੀਂ ਜਾਣਦੇ ਹੋ ਕਿ ਤੁਹਾਡਾ ਮਿੱਤਰ ਇਸ ਗੱਲ ’ਤੇ ਭੜਕ ਸਕਦਾ ਹੈ। ਸਾਰਿਆਂ ਵਿਚ ਬੈਠ ਕੇ ਤੁਸੀਂ ਉਸਦੀ ਸੰਵੇਦਨਸ਼ੀਲਤਾ ਜਾਂ ਸਹਿਣਸ਼ੀਲਤਾ ਨੂੰ ਨਾ ਪਰਖੋ। ਤੁਹਾਡੀ ਇਸ ਹਰਕਤ ’ਤੇ ਉਹ ਭੜਕ ਸਕਦ ਹੈ ਤੇ ਉਥੇ ਹਾਜ਼ਰ ਲੋਕ ਤੁਹਾਡੀ ਦੋਸਤੀ ਬਾਰੇ ਤਰ੍ਹਾਂ-ਤਰ੍ਹਾਂ ਦੇ ਸ਼ੰਕੇ ਫੈਲਾ ਸਕਦੇ ਹਨ। ਇਸ ਲਈ ਦੋਸਤ ਨਾਲ ਹਰ ਗੱਲ ਭਾਂਵੇ ਤੁਸੀਂ ਖੁੱਲ੍ਹ ਕੇ ਕਰ ਲੈਂਦੇ ਹੋ ਪਰ ਕਈ ਗੱਲਾਂ ਨਾਪ ਤੋਲ ਕੇ ਕਰਨ ਵਾਲੀਆਂ ਹੰੁਦੀਆਂ ਹਨ। ਕਠੋਰ ਗੱਲਾਂ ਦੋਸਤੀ ਨੂੰ ਤੋੜ ਦਿੰਦੀਆਂ ਹਨ। ਦੋਸਤੀ ’ਚ ਇਕ ਦੂਜੇ ਪ੍ਰਤੀ ਨੇਕ ਬਣਨ ਦੀ ਲੋੜ ਹੈ। ਅਸੀਂ ਇਕ ਦੂਜੇ ਨਾਲ ਗੱਲ ਕਰਦੇ ਹੋਏ ਵਾਲ ਦੀ ਖੱਲ ਨਹੀਂ ਲਾਹ ਸਕਦੇ। ਦੋਸਤ ਕੀ ਕਰ ਰਿਹਾ ਹੈ ਜਾਂ ਕਿਸ ਨਾਲ ਕਿਵੇਂ ਦਾ ਮਿਲ ਵਰਤ ਰਿਹਾ ਹੈ। ਇਸ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਨੇਕ ਦੋਸਤ ਕੌਣ ਹੈ, ਇਸ ਬਾਰੇ ਆਮ ਤੌਰ ’ਤੇ ਇਹ ਗੱਲ ਆਖੀ ਜਾਂਦੀ ਹੈ ਕਿ ਨੇਕ ਦੋਸਤ ਉਹੀ ਹੈ ਜੋ ਨੰਗੇ ਨੂੰ ਇਹ ਨਹੀਂ ਪੁੱਛਦਾ ਕਿ ਤੇਰਾ ਕੱਜਣ ਕਿਥੇ ਹੈ।’’ ਮਤਲਬ ਇਹ ਹੈ ਕਿ ਦੋਸਤੀ ਵਿਚ ਅਜਿਹੀਆਂ ਗੱਲਾਂ ਨਹੀਂ ਪੁੱਛੀਆਂ ਜਾਂਦੀਆਂ, ਜਿਨ੍ਹਾਂ ਨੂੰ ਤੁਸੀਂ ਪ੍ਰਤੱਖ ਦੇਖ ਰਹੇ ਹੋ। ਜੇ ਅਜਿਹੀਆਂ ਪ੍ਰਤੱਖ ਦਿੱਸਣ ਵਾਲੀਆਂ ਗੱਲਾਂ ਨੂੰ ਕੁਰੇਦੋਗੇ ਤਾਂ ਦੋਸਤੀ ’ਚ ਫਿੱਕ ਪੈ ਸਕਦਾ ਹੈ।


ਹੱਦ ਤੋਂ ਵੱਧ ਪਿਆਰ ਤੇ ਹੱਦ ਤੋਂ ਵਧ ਉਧਾਰ ਵੀ, ਦੋਸਤੀ ਵਿਚ ਫਿੱਕ ਦਾ ਕਾਰਣ ਬਣਦੇ ਹਨ। ਬਿਨਾਂ ਸ਼ੱਕ ਦੋਸਤ ਦੀ ਕੋਈ ਵੀ ਗੱਲ ਤੁਹਾਡੇ ਤੋਂ ਲੁਕੀ ਹੋਈ ਨਹੀਂ। ਦੋਸਤੀ ’ਚ ਕੋਈ ਵੀ ਗੱਲ ਲੁਕਾਈ ਨਹੀਂ ਜਾਂਦੀ, ਫਿਰ ਵੀ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੰੁਦੀਆਂ ਹਨ ਜੋ ਦੋਸਤ ਨਹੀਂ ਚਾਹੰੁਦਾ ਕਿ ਉਸ ਦੇ ਦੋਸਤ ਨੂੰ ਵੀ ਪਤਾ ਲੱਗਣ। ਤੁਸੀਂ ਕਿਸੇ ਦੀ ਨਿੱਜੀ ਜ਼ਿੰਦਗੀ ਵਿਚ ਝਾਤੀ ਨਹੀਂ ਮਾਰ ਸਕਦੇ। ਇਸੇ ਨੂੰ ਤਾਂ ਹੱਦ ਤੋਂ ਵਧ ਪਿਆਰ ਕਿਹਾ ਜਾਂਦਾ ਹੈ। ਦੋਸਤ ਸੋਚਦਾ ਹੈ ਕਿ ਉਸਨੂੰ ਆਪਣੇ ਦੋਸਤ ਦੀ ਨਿੱਜੀ ਜ਼ਿੰਦਗੀ ਅੰਦਰ ਝਾਕਣ ਲਈ ਦੋਸਤ ਦੀ ਆਗਿਆ ਲੈਣ ਦੀ ਲੋੜ ਨਹੀਂ। ਉਹ ਹੱਦ ਤੋਂ ਵੱਧ ਉਸ ਨਾਲ ਪਿਆਰ ਜਿਤਾਉਂਦਾ ਹੈ ਪਰ ਜਦੋਂ ਤੁਸੀਂ ਉਸ ਦੋਸਤ ਦੀ ਨਿੱਜੀ ਜ਼ਿੰਦਗੀ ’ਚ ਝਾਕਦੇ ਹੋ ਤਾਂ ਉਸ ਦੀਆਂ ਕਈ ਕਮਜ਼ੋਰੀਆਂ ਤੁਹਾਨੂੰ ਨਜ਼ਰ ਆਉਂਦੀਆਂ ਹਨ। ਉਹ ਇਸ ਗੱਲ ਨੂੰ ਸਹਿਣ ਨਹੀਂ ਕਰਦਾ ਅਤੇ ਤੁਹਾਡੇ ਨਾਲੋਂ ਆਪਣੇ ਸਬੰਧ ਤੋੜਨ ਲਈ ਤਿਆਰ ਹੋ ਜਾਂਦਾ ਹੈ।


ਦੋਸਤੀ ਵਿਚ ਦੂਜਾ ਫਿੱਕ ਤੁਹਾਡੀ ਆਰਥਿਕਤਾ ਪਾ ਦਿੰਦੀ ਹੈ। ਦੋਸਤਾਂ ਵਿਚ ਲੈਣ ਦੇਣ ਚੱਲਦਾ ਹੀ ਹੈ। ਕਦੇ ਪੈਸੇ ਧੇਲੇ ਦੀ ਵੀ ਲੋੜ ਪੈ ਜਾਂਦੀ ਹੈ। ਦੋਸਤ ਕਦੋਂ ਕੰਮ ਆਉਂਦੇ ਹਨ, ਇਹੀ ਤਾਂ ਮੌਕਾ ਹੰੁਦਾ ਹੈ। ਅਸੀਂ ਪੈਸੇ ਉਧਾਰ ਫੜ ਲੈਂਦੇ ਹਾਂ। ਸੋਚਦੇ ਹਾਂ ਕਿ ਦੋਸਤ ਕੋਲੋਂ ਹੀ ਲਿਆ ਹੈ, ਜਦੋਂ ਹੋਵੇਗਾ ਤਾਂ ਮੋੜ ਦਿਆਂਗੇ, ਪਰ ਇਹ ਦੇਰੀ ਹੱਦ ਨਾਲੋਂ ਵੱਧ ਜਾਂਦੀ ਹੈ, ਪੈਸਾ ਮੋੜਿਆ ਨਹੀਂ ਜਾਂਦਾ। ਦੋਸਤੀ ’ਚ ਫਿੱਕ ਪੈਣਾ ਆਰੰਭ ਹੋ ਜਾਂਦਾ ਹੈ। ਹੌਲੀ-ਹੌਲੀ ਦੋਸਤ ਪਿੱਛੇ ਹੱਟਣ ਲੱਗਦਾ ਹੈ। ਥੋੜੀ ਦੇਰ ਪਿਛੋਂ ਹੀ ਬਦਕਲਾਮੀ ਸ਼ੁਰੂ ਹੋ ਜਾਂਦੀ ਹੈ। ਚਿਰਾਂ ਦੀ ਦੋਸਤੀ ਨੁਕਰੇ ਲੱਗ ਜਾਂਦੀ ਹੈ। ਮਿੱਤਰ ਕੋਲੋਂ ਪੈਸਾ ਲੈ ਕੇ ਨਾ ਮੋੜ ਸਕਣਾ, ਦੋਸਤੀ ਦੀ ਬਲੀ ਲੈ ਜਾਂਦਾ ਹੈ। ਦੋਸਤ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪੈਸਾ ਮੋੜਨ ’ਚ ਇੰਨੀ ਦੇਰੀ ਕਰ ਦਿਓ ਕਿ ਦੋਸਤੀ ਦਾ ਸੁਆਦ ਜਾਂਦਾ ਰਹੇ।


ਔਖੇ ਵੇਲੇ ਦੋਸਤਾਂ ਨੂੰ ਚੁੱਪ ਨਹੀਂ ਵੱਟਣੀ ਚਾਹੀਦੀ। ਇਕ ਦੋਸਤ ਜੇ ਕਿਸੇ ਮੁਸੀਬਤ ’ਚ ਫਸ ਗਿਆ ਹੈ ਤਾਂ ਉਸ ਦੀ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮੁਸੀਬਤ ’ਚ ਹੀ ਦੋਸਤੀ ਪਛਾਣੀ ਜਾਂਦੀ ਹੈ, ਪਛਾਣ ਹੀ ਨਹੀਂ, ਪਰਖੀ ਵੀ ਜਾਂਦੀ ਹੈ। ਜੇ ਦੋਸਤ, ਮੁਸੀਬਤ ਵੇਲੇ ਨਹੀਂ ਬਹੁੜਦਾ ਤਾਂ ਫਿਰ ਅਜਿਹੇ ਦੋਸਤ ਦਾ ਕੀ ਲਾਭ। ਮੁਸੀਬਤ ਸਮੇਂ ਦੋਸਤ ਦੀ ਮਦਦ ਕਰਨ ਤੋਂ ਨਾ ਉੱਕੋ। ਉਸਨੂੰ ਮੁਸੀਬਤ ’ਚੋਂ ਕੱਢਣ ਲਈ ਹਰ ਹੀਲਾ ਵਰਤੋ। ਔਖੇ ਵੇਲੇ ਦੁਸ਼ਮਣ ਤਾਂ ਜੋ ਮਰਜ਼ੀ ਆਖੀ ਜਾਏ ਪਰ ਦੋਸਤ ਦੀ ਆਖੀ ਮਾੜੀ ਜਿਹੀ ਗ਼ਲਤ ਗੱਲ ਵੀ ਦੂਜੇ ਦੋਸਤ ਨੂੰ ਬਹੁਤ ਚੁਭ ਜਾਂਦੀ ਹੈ। ਇਹ ਗੱਲ ਦੋਸਤ ਨੂੰ ਵਧੇਰੇ ਦਰਦ ਦਿੰਦੀ ਹੈ। ਸੋ ਦੋਸਤ ਲਈ ਜੇ ਕੁਝ ਕਰ ਨਹੀਂ ਸਕਦੇ ਤਾਂ ਉਸਦੀ ਮੁਸੀਬਤ ਨੂੰ ਬੁਰਾ ਭਲਾ ਵੀ ਨਾ ਆਖੋ।
ਦੋਸਤ ਦੀ ਦੋਸਤੀ ਦਾ ਕੋਈ ਜੁਆਬ ਨਹੀਂ ਪਰ ਜੇ ਦੋਸਤ ਦੁਸ਼ਮਣ ਬਣ ਜਾਣ ਤਾਂ ਇਹ ਦੁਸ਼ਮਣੀ ਬਹੁਤ ਸਿਖਰ ’ਤੇ ਪਹੰੁਚ ਜਾਂਦੀ ਹੈ। ਕਿਉਂਕਿ ਦੋਵੇਂ ਇਕ ਦੂਜੇ ਦੀਆਂ ਕਮਜ਼ੋਰੀਆਂ ਤੋਂ ਭਲੀਭਾਂਤ ਵਾਕਫ ਹੰੁਦੇ ਹਨ, ਇਨ੍ਹਾਂ ਕਮਜ਼ੋਰੀਆਂ ਨੂੰ ਹੀ ਹਥਿਆਰ ਬਣਾ ਕੇ ਉਹ ਇਕ ਦੂਜੇ ਦੇ ਵਿਰੁੱਧ ਲੜਦੇ ਹਨ। ਦੋਸਤੀ ’ਚ ਦੁਸ਼ਮਣੀ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ, ‘‘ਮੇਰੇ ’ਤੇ ਹਮਲਾ ਕਰਨ ਲਈ, ਤਲਵਾਰ ਖਰੀਦਣ ਲਈ ਦੋਸਤ ਮੇਰੇ ਕੋਲੋਂ ਹੀ ਪੈਸੇ ਮੰਗਦਾ ਹੈ।’’ ਸਹੀ ਦੋਸਤ ਨੂੰ ਪਛਾਣੋ ਤੇ ਫਿਰ ਦੋਸਤੀ ਕਰੋ। 


Leave a Reply

Your email address will not be published. Required fields are marked *

0 Comments