Friday , 10 May 2024
Friday , 10 May 2024

ਇੰਟਰਨੈਸ਼ਨਲ ਮਹਿਲਾ ਦਿਵਸ 2022 , ਮਹਿਲਾ ਦਿਵਸ ਦੀ ਸ਼ੁਰੂਆਤ ਕੀਤੀ 15 ਹਜ਼ਾਰ ਔਰਤਾਂ ਨੇ ਸੜਕਾਂ ਤੇ ਉਤਰ ਕੇ

top-news
  • 07 Mar, 2022

ਇੰਟਰਨੈਸ਼ਨਲ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ, ਇਸ ਦਿਨ ਔਰਤਾਂ ਖੁੱਲ੍ਹ ਕੇ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦੀਆਂ ਹਨ। ਔਰਤਾਂ ਲਈ ਇਹ ਦਿਨ ਜਿਹਨਾਂ ਖਾਸ ਹੈ, ਓਨੀ ਹੀ ਖਾਸ ਹੈ ਇਸ ਦਿਨ ਦੀ ਸ਼ੁਰੂਆਤ ਦੀ ਕਹਾਣੀ, ਹਾਲਾਂਕਿ ਹਰ ਕਿਸੀ ਦੇ ਮਨ ਵਿਚ ਇਹ ਸਵਾਲ ਰਹਿੰਦਾ ਹੈ ਕਿ ਆਖਰ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਕਿਵੇਂ ਹੋਈ? ਕੀ ਹੈ ਉਨ੍ਹਾਂ 15 ਹਜ਼ਾਰ ਔਰਤਾਂ ਦੀ ਕਹਾਣੀ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਦਿਨ ਮਨਾਉਣ ਲਈ ਮਜਬੂਰ ਕੀਤਾ।  

 ਪਹਿਲਾਂ ਨਾਲੋਂ ਬਦਲੀ ਹੈ ਸਥਿਤੀ 

 ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮਾਜ ਅਤੇ ਪਰਿਵਾਰ ਵਿੱਚ ਔਰਤਾਂ ਦੀ ਸਥਿਤੀ ਵਿੱਚ ਪਹਿਲਾਂ ਦੇ ਮੁਕਾਬਲੇ ਬਹੁਤ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲੇ ਹਨ। ਸਿੱਖਿਆ ਤੋਂ ਲੈ ਕੇ ਸਿਹਤ ਤੱਕ ਨਾ ਸਿਰਫ਼ ਔਰਤਾਂ ਦੀ ਹਾਲਤ ਸੁਧਰੀ ਹੈ ਸਗੋਂ ਬਾਲ ਵਿਆਹ ਅਤੇ ਕੰਨਿਆ ਭਰੂਣ ਹੱਤਿਆ ਵਰਗੇ ਅਪਰਾਧ ਵੀ ਘਟੇ ਹਨ। ਇਹ ਗੱਲ ਵੱਖਰੀ ਹੈ ਕਿ ਲਗਾਤਾਰ ਜਾਗਰੂਕਤਾ ਫੈਲਾਉਣ ਦੇ ਬਾਵਜੂਦ ਹਜੇ ਵੀ ਕੁਝ ਲੋਕ ਅਜਿਹੇ ਹਨ, ਜੋ ਔਰਤਾਂ ਦਾ ਨਾ ਸਿਰਫ਼ ਘਰ ਸੰਭਾਲਣਾ ਪਸੰਦ ਕਰਦੇ ਹਨ, ਸਗੋਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵੀ ਉਨ੍ਹਾਂ ਲਈ ਸਭ ਤੋਂ ਵਧੀਆ ਸਮਝਦੇ ਹਨ।

 ਜੀਣਾ ਹੈ ਸਨਮਾਨ ਨਾਲ  

 ਦਰਅਸਲ, ਅਜਿਹਾ ਇਸ ਲਈ ਹੈ ਕਿਉਂਕਿ ਸਮਾਜ ਦੇ ਇੱਕ ਵਰਗ ਦਾ ਕਹਿਣਾ ਹੈ ਕਿ ਵੱਧ ਪੜ੍ਹੀ-ਲਿਖੀ ਔਰਤ ਕਦੇ ਵੀ ਆਪਣੇ ਬਰਾਬਰ ਜਾਂ ਘੱਟ ਉਮਰ ਦੇ ਲੜਕੇ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਪਸੰਦ ਨਹੀਂ ਕਰਦੀ। ਉਹ ਨਾ ਸਿਰਫ਼ ਮਜ਼ਬੂਤ ​​ਬਾਹਾਂ ਅਤੇ ਮਜ਼ਬੂਤ ​​ਬੈਂਕ ਬੈਲੇਂਸ ਦੇਖਦੀ ਹੈ, ਸਗੋਂ ਆਪਣੇ ਪਤੀ ਦਾ ਆਦਰ ਕਰਨਾ ਵੀ ਬੁਰਾ ਸਮਝਦੀ ਹੈ। ਹਾਲਾਂਕਿ ਅਸਲ ਵਿਚ ਸੱਚਾਈ ਇਹ  ਹੈ ਕਿ ਔਰਤਾਂ ਉਹਨਾਂ ਮਰਦਾਂ ਨੂੰ ਸਭ ਤੋਂ ਵੱਧ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਤਰਕ ਦੇ ਮਾਮਲੇ ਚ ਮਾਤ ਦੇ ਸਕਦੇ ਹਨ। ਇਹ ਵੀ ਇਕ ਕਾਰਨ ਹੈ ਕਿ ਔਰਤਾਂ ਆਪਣੇ ਸੁਪਨਿਆਂ ਦੀ ਉਡਾਰੀ ਭਰਣ ਦੇ ਨਾਲ-ਨਾਲ ਆਪਣੀਆਂ ਸ਼ਰਤਾਂ ਤੇ ਇਕ ਸਨਮਾਨਜਨਕ  ਜੀਵਨ ਜੀਣਾ ਪਸੰਦ ਕਰ ਰਹੀਆਂ ਹਨ। ਔਰਤਾਂ ਦੀ ਇਸ ਭਾਗੀਦਾਰੀ ਨੂੰ ਵਧਾਉਣ ਅਤੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਹੀ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਕਦੋਂ ਅਤੇ ਕਿਥੋਂ ਹੋਈ?

 ਇੰਝ ਹੋਇ ਮਹਿਲਾ ਦਿਵਸ ਦੀ ਸ਼ੁਰੂਆਤ 

 ਦਰਅਸਲ, ਇਹ ਸਾਰਾ ਮਾਮਲਾ ਸਾਲ 1908 ਵਿੱਚ ਵਾਪਰਿਆ, ਜਦੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ 15,000 ਔਰਤਾਂ ਨੇ ਨੌਕਰੀ ਵਿੱਚ ਘੱਟ ਘੰਟੇ, ਬਿਹਤਰ ਤਨਖਾਹ ਅਤੇ ਨਾਲ ਹੀ ਵੋਟ ਦੇ ਅਧਿਕਾਰ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਸੜਕਾਂ ਤੇ ਮਾਰਚ ਕੱਢਿਆ। ਕੰਮਕਾਜੀ ਔਰਤਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਕੰਮ ਦੇ ਘੰਟੇ ਘਟਾਏ ਜਾਣ। ਅਜਿਹਾ ਇਸ ਲਈ ਕਿਉਂਕਿ ਪਹਿਲਾਂ ਔਰਤਾਂ ਨੂੰ 10-12 ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਜੋ ਬਾਅਦ ਵਿੱਚ ਘਟਾ ਕੇ 8 ਘੰਟੇ ਕਰ ਦਿੱਤਾ ਗਿਆ। ਇਹ ਪ੍ਰਦਰਸ਼ਨ ਲੰਬੇ ਸਮੇਂ ਤੱਕ ਚੱਲਿਆ, ਜਿਸ ਤੋਂ ਬਾਅਦ ਇੱਕ ਸਾਲ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਇਸ ਦਿਨ ਨੂੰ ਪਹਿਲਾ ਰਾਸ਼ਟਰੀ ਮਹਿਲਾ ਦਿਵਸ ਘੋਸ਼ਿਤ ਕੀਤਾ।

 ਰਾਸ਼ਟਰੀ ਤੋਂ ਬਣਿਆ ਅੰਤਰਰਾਸ਼ਟਰੀ ਮਹਿਲਾ ਦਿਵਸ 

 ਸਾਲ 1910 ਵਿੱਚ ਕੋਪਨਹੇਗਨ ਵਿੱਚ ਕੰਮਕਾਜੀ ਔਰਤਾਂ ਵੱਲੋਂ ਇੱਕ ਕਾਨਫਰੰਸ ਕਰਵਾਈ ਗਈ, ਜਿਸ ਵਿੱਚ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਉਣ ਦਾ ਸੁਝਾਅ ਦਿੱਤਾ ਗਿਆ। ਇਸ ਤੋਂ ਬਾਅਦ 8 ਮਾਰਚ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਣ ਲੱਗਾ। ਹਾਲਾਂਕਿ, ਸਾਲ 1975 ਵਿੱਚ ਇਸ ਦਿਨ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਾਨਤਾ ਦਿੱਤੀ ਗਈ, ਜਦੋਂ ਸੰਯੁਕਤ ਰਾਸ਼ਟਰ ਨੇ ਇਸ ਵਿਸ਼ੇਸ਼ ਦਿਨ ਨੂੰ ਇੱਕ ਥੀਮ ਨਾਲ ਮਨਾਉਣ ਲਈ ਕਿਹਾ।

 ਮਹਿਲਾ ਦਿਵਸ-2022 ਦੀ ਥੀਮ

 ਸਾਲ 2021 ਵਿੱਚ, ਜਿੱਥੇ ਮਹਿਲਾ ਦਿਵਸ ਦਾ ਥੀਮ ਕੋਵਿਡ-19 ਤੋਂ ਬਾਅਦ ਦੀ ਦੁਨੀਆ ਵਿੱਚ ਔਰਤਾਂ ਦੀ ਅਗਵਾਈ ਅਤੇ ਇੱਕ ਸਾਂਝੇ ਭਵਿੱਖ ਨੂੰ ਪ੍ਰਾਪਤ ਕਰਨਾ ਸੀ। ਇਸ ਦੇ ਨਾਲ ਹੀ, ਅੰਤਰਰਾਸ਼ਟਰੀ ਮਹਿਲਾ ਦਿਵਸ 2022 ਦਾ ਥੀਮ ਜੈਂਡਰ ਇਕੁਐਲਿਟੀ  ਟੁਡੇ ਫਾਰ ਏ ਸਸਟੈਨੇਬਲ ਟੁਮਾਰੋ ਹੈ। ਇਸ ਦੇ ਨਾਲ ਹੀ ਇਸ ਵਾਰ ਮਹਿਲਾ ਦਿਵਸ ਦਾ ਰੰਗ ਵੀ ਜਾਮਨੀ,ਹਰਾ ਅਤੇ ਚਿੱਟਾ ਤੈਅ ਕੀਤਾ ਗਿਆ ਹੈ, ਜਿਸ ਵਿਚ ਜਾਮਨੀ ਰੰਗ ਇਨਸਾਫ਼ ਅਤੇ ਮਾਣ-ਸਨਮਾਨ ਦਾ ਪ੍ਰਤੀਕ ਹੈ, ਜਦਕਿ ਹਰਾ ਰੰਗ ਆਸ ਨਾਲ ਅਤੇ ਚਿੱਟਾ ਰੰਗ ਸ਼ੁੱਧਤਾ ਦਾ ਪ੍ਰਤੀਕ ਹੈ।

 ਹੇਮਾ ਸ਼ਰਮਾ, ਚੰਡੀਗੜ੍ਹ

                                                                                                                                                                                                ...........


Leave a Reply

Your email address will not be published. Required fields are marked *

0 Comments