Monday , 6 May 2024
Monday , 6 May 2024

ਜੀਵੇ ਮਾਂ ਬੋਲੀ ਪੰਜਾਬੀ

top-news
  • 20 Feb, 2023

By ਤਰਲੋਚਨ ਸਿੰਘ ਭੱਟੀ

ਪੀ.ਸੀ.ਐਸ. (ਸੇਵਾ ਮੁਕਤ)

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਹਰ ਸਾਲ 21 ਫਰਵਰੀ ਨੂੰ ਭਾਸ਼ਾਈ ਅਤੇ ਸਭਿਆਚਰਕ ਵੰਨ-ਸੰਵਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ। ਜੇਕਰ ਇਸ ਦਿਵਸ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਇਹ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ। ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਨੇ ਸਾਲ 2008 ਨੂੰ ਭਾਸ਼ਾਵਾਂ ਦਾ ਅੰਤਰਰਾਸ਼ਟਰੀ ਸਾਲ ਕਰਾਰ ਦਿਤਾ ਹੈ। 21 ਫਰਵਰੀ 1952 ਦੀ ਪ੍ਰਤੀਨਿਧਤਾ ਕਰਦਾ ਹੈ ਜਦੋਂ ਢਾਕਾ ਯੂਨੀਵਰਸਿਟੀ, ਜਗਨਨਾਥ ਯੂਨੀਵਰਸਿਟੀ ਅਤੇ ਢਾਕਾ ਕਾਲਜ ਦੇ ਵਿਿਦਆਰਥੀ ਉਸ ਸਮੇਂ ਦੇ ਪਾਕਿਸਤਾਨ ਵਿੱਚ ਊਰਦੂ ਤੋ ਬਿਨਾਂ ਬੰਗਾਲੀ ਨੂੰ ਵੀ ਇਕ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦਿਵਾਉਣ ਲਈ ਮੁਜਾਹਰਾ ਕਰ ਰਹੇ ਲੋਕਾਂ ਨੂੰ ਪੁਲਿਸ ਦੁਆਰਾ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਬੰਗਾਲੀ ਭਾਸ਼ਾ ਲਈ ਲੋਕਾਂ ਦੇ ਬਲੀਦਾਨ ਨੂੰ ਯਾਦ ਰੱਖਣ ਲਈ  ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ 21 ਫਰਵਰੀ 2000 ਨੂੰ ਮਨਾਇਆ ਗਿਆ ਅਤੇ ਉਸ ਤੋ ਬਾਦ ਹਰੇਕ ਸਾਲ ਮਨਾਉਣ ਦੀ ਪ੍ਰੰਪਰਾਂ ਲਗਾਤਾਰ ਚਲ ਰਹੀ ਹੈ।

ਭਾਸ਼ਾ ਖੋਜਕਾਰਾਂ ਮੁਤਾਬਕ ਪੰਜਾਬੀ ਬੋਲੀ ਦਾ ਮੂਲ ਸੰਸਕ੍ਰਿਤ ਨਹੀਂ ਸਗੋਂ ਪ੍ਰਾਕਰਿਤ ਹੈ ਜੋ ਮੁੱਢ ਤੋਂ ਇਥੇ ਵਸਦੇ ਲੋਕਾਂ ਦੇ ਬੋਲਚਾਲ ਦੀ ਭਾਸ਼ਾ ਸੀ। ਪੰਜਾਬੀ ਦਾ ਜਨਮ ਸਪਤ ਸਿੰਧੂ ਦੇ ਇਲਾਕੇ ਤੋਂ ਹੋਇਆ ਉਸ ਵੇਲੇ ਇਸਨੂੰ ਸਪਤ-ਸਿੰਧੂ ਵੀ ਕਿਹਾ ਜਾਂਦਾ ਸੀ। ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਹੀ ਬ੍ਰਹਮੀ ਲਿਪੀ ਤੋਂ ਜਨਮੀਆਂ ਹਨ। ਲੰਡੇ ਤੋਂ ਹੀ ਅੱਜ ਦੀ ਗੁਰਮੱੁਖੀ ਦਾ ਮੁੱਢ ਬੱਝਿਆ ਹੈ। ਪੈਂਤੀ ਅੱਖਰੀ ਦਾ ਸਭ ਤੋ ਪਹਿਲਾ ਸਬੂਤ ਨਾਨਕ ਦੀ ਪੱਟੀ ਵਿੱਚ ਮਿਲਦਾ ਹੈ। ਜਿਸ ਵਿੱਚ ਪੈਂਤੀ ਅੱਖਰ ਹਨ। ਗੁਰੂ ਅੰਗਦ ਦੇਵ ਨੇ ਪੈਂਤੀ ਅੱਖਰੀ ਨੂੰ ੳ ਅ ੲ ਵਾਲੀ ਤਰਤੀਬ ਦਿੱਤੀ ਹੈ। ਪੰਜਾਬੀ ਬੋਲੀ ਵਿੱਚ ਕੋਈ ਅੱਖਰ ਅਲੋਪ ਨਹੀ ਹੋਏ ਸਗੋਂ ਹੋਰ ਅੱਖਰ ਸ਼ਾਮਲ ਹੋਏ ਹਨ। ਮਹਾਰਾਜਾ ਰਣਜੀਤ ਸਿੰਘ ਵੇਲੇ ਅਤੇ ਉਸ ਤੋਂ ਪਹਿਲਾ ਫਾਰਸੀ ਦਰਬਾਰੀ ਭਾਸ਼ਾ ਵਜੋਂ ਵਰਤੀ ਗਈ ਹੈ।

ਭਾਸ਼ਾ ਮਾਹਰਾਂ ਅਨੁਸਾਰ 133 ਦੇਸ਼ਾਂ ਵਿੱਚ 13-14 ਕਰੋੜ ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ। ਦੁਨੀਆਂ ਪੱਧਰ ਤੇ 6900 ਅਤੇ ਭਾਰਤ ਵਿੱਚ 427 ਜੁਬਾਨਾਂ ਬੋਲੀਆਂ ਜਾਂਦੀਆਂ ਹਨ। ਪੰਜਾਬੀ ਦੀਆਂ ਕੁੱਲ 28 ਉਪ ਬੋਲੀਆਂ ਹਨ ਜਿੰਨ੍ਹਾਂ ਵਿੱਚ 8 ਜਿਆਦਾ ਪ੍ਰਚਲਤ ਹਨ। ਸਮੇਂ ਦੇ ਗੇੜ ਨਾਲ ਸੰਸਕ੍ਰਿਤ ਅਤੇ ਲਾਤੀਨੀ ਵਰਗੀਆਂ ਵੱਡੀਆਂ ਭਾਸ਼ਾਵਾਂ ਵੀ ਹੁਣ ਖਤਮ ਹੋਣ ਕਿਨਾਰੇ ਹਨ। ਭਾਸ਼ਾ ਦਾ ਸਭ ਤੋਂ ਵੱਡਾ ਮਾਧਿਅਮ ਸਿੱਖਿਆ ਹੈ ਕਿਉਂਕਿ ਹਰੇਕ ਬੱਚਾ ਸਕੂਲ ਵਿੱਚ ਜਾ ਕੇ ਜਿਸ ਭਾਸ਼ਾ ਸਿੱਖਣਾ ਸ਼ੁਰੂ ਕਰਦਾ ਹੈ, ਇਸ ਉਸਦੀ ਮਾਤ-ਭਾਸ਼ਾ ਬਣ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਲਾਹੌਰ ਹਾਈ ਕੋਰਟ ਵਲੋਂ 2015 ਵਿੱਚ ਫੈਸਲਾ ਦਿੱਤਾ ਗਿਆ ਪਹਿਲੀ ਤੋਂ ਪੰਜਵੀਂ ਜਮਾਤ ਤਕ ਦੀ ਪੜ੍ਹਾਈ ਪੰਜਾਬੀ ਵਿੱਚ ਕਰਨੀ ਲਾਜ਼ਮੀ ਬਣਾਈ ਜਾਵੇ ਅਤੇ ਸੂਬਾ ਸਰਕਾਰ ਕਾਨੂੰਨ ਪਾਸ ਕਰੇ। ਜ਼ਿਕਰਯੋਗ ਹੈ ਕਿ ਲਾਹੌਰ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਚੇਅਰ ਸਥਾਪਤ ਕੀਤੀ ਗਈ ਹੈ। ਪੰਜਾਬੀ ਖਲਕਤ ਦੀ ਬੋਲੀ ਹੈ। ਜੇਕਰ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦਾ ਮਸਲਾ/ਪਿਛੋਕੜ ਪਛਾਣੀਏ ਤਾ ਪਤਾ ਲਗੇਗਾ ਕਿ ਪੰਜਾਬੀ ਨੂੰ ਫਕੀਰਾਂ ਗੁਰੂਆਂ ਸੂਫੀਆਂ ਅਤੇ ਕਿੱਸਾਕਾਰਾਂ ਨੇ ਆਪਣੀਆਂ ਰਚਨਾਵਾਂ ਦਾ ਅਧਾਰ ਬਣਾਇਆ ਹੈ ਅਤੇ ਅਜ਼ਾਦੀ ਗੁਲਾਟੀਆਂ ਨੇ ਇਸਨੂੰ ਸਿੰਜਿਆ ਹੈ। ਮਾਂ ਬੋਲੀ ਦੇ ਨਾਲ ਨਾਲ ਪੰਜਾਬੀ ਨੂੰ ਲੋਕ-ਬੋਲੀ ਵਜੋਂ ਉਭਾਰਨ ਦੀ ਲੋੜ ਹੈ। ਪਾਕਿਸਤਾਨੀ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਮਾਂ ਬੋਲੀ ਪੰਜਾਬੀ ਦਿਹਾੜਾ 2013 ਵਿੱਚ ਮਨਾਇਆ ਗਿਆ। ਐਨਥੌਲੋਗ 2005 (ਬੋਲੀਆ ਨਾਲ ਸਬੰਧ ਵਿਸ਼ਵ ਗਿਆਨ ਕੋਸ਼) ਅਨੁਸਾਰ ਪੰਜਾਬੀ ਸਮੱੁਚੀ ਦੁਨੀਆਂ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦਸਵੀਂ ਭਾਸ਼ਾ ਹੈ। ਪਾਕਿਸਤਾਨ ਦੀ ਮਰਦਮਸ਼ੁਮਾਰੀ (2008) ਅਨੁਸਾਰ ਪਾਕਿਸਤਾਨ ਵਿੱਚ 7,63,378,300 ਅਤੇ ਭਾਰਤ ਦੀ ਮਰਦਸ਼ੁਮਾਰੀ (2011) ਅਨੁਸਾਰ ਭਾਰਤ ਵਿੱਚ 3,11,44,095 ਲੋਕ ਪੰਜਾਬੀ ਬੋਲਦੇ ਹਨ। ਹਿੰਦ-ਯੁਰਪੀ ਬੋਲੀਆਂ ਵਿਚੋਂ ਪੰਜਾਬੀ ਸਭ ਤੋ ਵੱਖਰੀ ਬੋਲੀ ਜਾਪਦੀ ਹੈ। ਇੰਗਲੈਂਡ, ਅਮਰੀਕਾ, ਅਸਟਰੇਲੀਆ ਅਤੇ ਖਾਸ ਤੌਰ ਤੇ ਕਨੇਡਾ ਵਿੱਚ ਪੰਜਾਬੀ ਬੋਲੀ ਜਾਣ ਵਾਲੀ ਤਿਜੀ ਬੋਲੀ ਹੈ। ਜ਼ਿਕਰਯੋਗ ਹੈ ਕਿ ਚੜ੍ਹਦੇ ਪੰਜਾਬ ਵਿੱਚ ਪਹਿਲਾ ਰਾਜ ਭਾਸ਼ਾ ਐਕਟ 1960 ਬਣਿਆ। ਇਸ ਐਕਟ ਦੀ ਧਾਰਾ 3 ਰਾਹੀਂ ਪੰਜਾਬੀ ਖੇਤਰ ਦੇ ਸਾਰੇ ਜ਼ਿਿਲ੍ਹਆ ਵਿੱਚ ਹੋਣ ਵਾਲੇ ਸਾਰੇ ਦਫਤਰੀ ਕੰਮਕਾਰ 2 ਅਕਤੂਬਰ 1960 ਤੋਂ ਪੰਜਾਬੀ ਵਿੱਚ ਕੀਤੇ ਜਾਣ ਦੀ ਵਿਵਸਥਾ ਹੈ। ਪੰਜਾਬੀ ਸੂਬਾ ਬਨਣ ਤੋਂ ਬਾਦ 29 ਦਸੰਬਰ 1967 ਨੂੰ 1960 ਵਾਲਾ ਕਾਨੂੰਨ ਰੱਦ ਕਰਕੇ ਨਵਾਂ ਰਾਜ ਭਾਸ਼ਾ ਐਕਟ 1967 ਬਣਾਇਆ ਗਿਆ ਅਤੇ 2008 ਅਤੇ 2021 ਵਿੱਚ ਇਸ ਵਿੱਚ ਤਰਮੀਮ ਕੀਤੀ ਗਈ ਹੈ। ਜਿਸ ਅਨੁਸਾਰ ਸਿਵਲ ਅਦਾਲਤਾਂ ਵਿੱਚ ਸਾਰਾ ਕੰਮ ਪੰਜਾਬੀ ਵਿੱਚ ਕੀਤਾ ਜਾਵੇਗਾ ਅਤੇ ਜੋ ਅਧਿਕਾਰੀ ਜਾਂ ਕਰਮਚਾਰੀ ਇਸ ਦੀ ਉਲਘੰਣਾ ਕਰੇਗਾ ਉਸ ਨੂੰ 5000/- ਤੱਕ ਜੁਰਮਾਨਾ ਕੀਤਾ ਜਾਵੇਗਾ ਜੋ ਉਸਦੀ ਤਨਖਾਹ ਵਿੱਚੋ ਕੱਟਿਆ ਜਾਵੇਗਾ।

ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ ਤੋਂ ਅੱਗੇ ਹੁਣ ਪੰਜਾਬੀ ਬੋਲੀ ਤੀਸਰੇ ਪੰਜਾਬ ਨਾਲ ਸਾਂਝ ਪਾ ਰਹੀ ਹੈ ਜਿਸਨੂੰ ਗਲੋਬਲ ਪੰਜਾਬ ਕਿਹਾ ਜਾ ਸਕਦਾ ਹੈ, ਜੋ ਭਾਰਤੀ ਜਾਂ ਪਾਕਿਸਤਾਨ ਪੰਜਾਬ ਦੀਆਂ ਭੂਗੋਲਿਕ ਸਰਹੱਦਾਂ ਤੋਂ ਮੁਕਤ ਹੈ ਅਤੇ ਇਸ ਦੇ ਅੰਦਰ ਲਿੱਪੀ ਦੀ ਦੀਵਾਰ ਨੂੰ ਪਾਰ ਕਰਨ ਦੀ ਵੀ ਸੰਭਾਵਨਾ ਹੈ। ਸ਼ਾਹਮੁਖੀ ਅਤੇ ਗੁਰਮੁੱਖੀ ਇਕ ਦੂਜੇ ਤੋ ਉਲਟੀ ਦਿਸ਼ਾ ਵਿੱਚ ਲਿਖੀਆ ਅਤੇ ਪੜ੍ਹੀਆਂ ਜਾਂਦੀਆਂ ਹਨ। 1947 ਵਿੱਚ ਪੰਜਾਬ ਦੀ ਵੰਡ ਅਤੇ ਕਤਲੋਗਾਰਦ ਤੋਂ ਬਾਦ ਪੰਜਾਬੀ ਨੂੰ ਰਾਜਨੀਤੀਕ ਦੇ ਨਾਲ ਨਾਲ ਧਰਮ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਗਲੋਬਲ ਪੰਜਾਬੀ ਨੂੰ ਕਨੇਡਾ ਵਿੱਚ ਅੰਗਰੇਜ਼ੀ ਰੰਗ ਅਤੇ ਕਨੇਡੀਅਨ ਪੰਜਾਬੀ ਨੂੰ ਕਨੇਡੀਅਨ ਫ੍ਰੈਂਚ ਰੰਗ ਚੜ੍ਹਦਾ ਜਾ ਰਿਹਾ ਹੈ।

ਭਾਰਤ ਅਤੇ ਪਾਕਿਸਤਾਨ ਦੇ ਦੋਹਾਂ ਪੰਜਾਬਾਂ ਵਿੱਚ ਜਿਥੇ ਅਸੀ ਪੰਜਾਬੀ ਨੂੰ ਬਚਾਉਣ ਲਈ ਲਗੇ ਹੋਏ ਹਾਂ ਉਥੇ ਵਿਦੇਸ਼ਾਂ ਵਿੱਚ ਗਲੋਬਲ ਪੰਜਾਬੀ ਆਪਣੀ ਵੱਖਰੀ ਪਹਿਚਾਣ ਬਣਾ ਰਹੀ ਹੈ। ਭਾਰਤੀ ਪੰਜਾਬ ਦੇ ਪਿਛੋਕੜ ਵਾਲੇ ਉੱਘੇ ਕਵੀ ਸੁਖਿੰਦਰ ਅਤੇ ਪਾਕਿਸਤਾਨੀ ਪੰਜਾਬ ਦੇ ਉੱਘੇ ਸ਼ਾਇਰ ਸਲੀਮ ਪਾਸ਼ਾ ਆਪਣੀਆਂ ਰਚਨਾਵਾਂ ਨੂੰ ਸ਼ਾਹਮੁੱਖੀ ਤੋਂ ਗੁਰਮੁੱਖੀ ਅਤੇ ਗੁਰਮੁੱਖੀ ਤੋਂ ਸ਼ਾਹਮੁੱਖੀ ਵਿੱਚ ਲਿਪੰਤਰ ਕਰਕੇ ਇੱਕ ਸਾਂਝੀ ਕਿਤਾਬ ਵੀ ਪ੍ਰਕਾਸ਼ਤ ਕੀਤੀ ਹੈ ਜੋ ਚੰਗੀ ਸ਼ੁਰੂਆਤ ਹੈ। ਇਸੇ ਤਰ੍ਹਾਂ ਭਾਰਤੀ ਪੰਜਾਬ ਤੋਂ ਅਮਰਜੀਤ ਚੰਦਨ ਅਤੇ ਪਾਕਿਸਤਾਨੀ ਪੰਜਾਬ ਤੋ ਜ਼ੁਬੈਰ ਅਹਿਮਦ ਨੇ ਮਿਲਕੇ ਪੰਜਾਬੀ ਜਬਾਨ ਅਤੇ ਸ਼ਾਹਮੁੱਖੀ ਲਿਪੀ ਵਿੱਚ ਇਕ ਮੈਗਜੀਨ ‘ਬਾਰਾਮਾਹ’ 2019 ਵਿੱਚ ਪ੍ਰਕਾਸ਼ਿਤ ਕੀਤਾ ਹੈ ।

ਲੋੜ ਹੈ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 2023 ਮਨਾਉਣ ਦੇ ਮੌਕੇ ੳੱੁੁਤੇ ਸਾਰੇ ਪੰਜਾਬੀਆਂ ਦਾ ਆਪਣੇ ਸਮੂਹ ਭਾਈਚਾਰੇ ਨੂੰ ਇਹ ਸੁਨੇਹਾ ਪ੍ਰਚਾਰਿਆ ਅਤੇ ਪ੍ਰਸਾਰਿਆ ਜਾਵੇ ਕਿ ਪੰਜਾਬੀ ਬੋਲੀ ਨੂੰ ਹੁੰਗਾਰਾਂ ਅਤੇ ਹੁਲਾਰਾ ਦੇਣ ਵਿੱਚ ਮਾਂ ਦੀ ਭੂਮਿਕਾ ਬਹੁਤ ਮਹੱਤਵਪੁਰਨ ਹੈ। ਮਾਂ  ਪੰਜਾਬੀ ਪਰਵਾਰਾਂ ਵਾਲੀ ਮਾਂ ਹੋ ਸਕਦੀ ਹੈ ਅਤੇ ਮੋਜੂਦਾ ਸਰਕਾਰਾਂ ਲਈ ਮਾਂ ਬੋਲੀ ਪੰਜਾਬੀ ਨੂੰ ਪ੍ਰਚਾਰਣ ਅਤੇ ਪ੍ਰਸਾਰਣ ਲਈ ਮਾਂ ਦੀ ਭੂਮਿਕਾ ਨਿਭਾਉਣੀ ਲਾਜ਼ਮੀ ਹੈ। ਖਾਸ ਤੌਰ ਤੇ ਉਸ ਵੇਲੇ ਜਦੋਂ ਦੁਨੀਆਂ ਦੀ 25% ਅਬਾਦੀ ਕੁਦਰਤੀ ਆਫਤਾਂ ਅਤੇ ਜੰਗਾਂ ਦੀ ਤਬਾਹੀ ਵਿੱਚ ਘਿਰੀ ਹੋਈ ਹੈ ਅਤੇ ਦੁਨੀਆਂ ਦੇ ਲੋਕਾਂ ਖਾਸ ਤੋਰ ਤੇ ਬੱਚਿਆਂ ਨੂੰ ਚੰਗੇ ਵਾਤਾਵਰਨ ਅਤੇ ਟਿਕਾਊ ਵਿਕਾਸ ਦੀ ਬੇਹੱਦ ਜਰੂਰਤ ਹੈ। ਅੰਤਰਰਾਸ਼ਟਰੀ ਪੱਧਰ 21 ਫਰਵਰੀ 2023 ਨੂੰ ਮਨਾਇਆ ਜਾ ਰਿਹਾ ਅੰਤਰਰਾਸ਼ਟਰੀ ਦਿਵਸ ਹਰੇਕ ਖੇਤਰ ਵਿੱਚ ਹਰੇਕ ਵਿਅਕਤੀ ਨੂੰ ਆਪਣੀ ਮਾਂ ਬੋਲੀ ਬੋਲਣ, ਲਿੱਖਣ, ਪੜ੍ਹਨ ਲਈ ਪ੍ਰੇਰਿਤ ਕਰਦਾ ਰਹੇਗਾ। ਚੜ੍ਹਦੇ ਪੰਜਾਬ ਲਈ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 2023 ਹੋਰ ਵੀ ਮੱਹਤਵਪੁਰਨ ਬਣ ਜਾਂਦਾ ਹੈ ਕਿਉਂਕਿ ਭਾਸ਼ਾ ਵਿਭਾਗ ਪੰਜਾਬ, ਸਾਲ 2023 ਵਿੱਚ ਭਾਸ਼ਾਵਾਂ ਦੇ ਵਿਕਾਸ ਦੀ ਗੌਰਵਮਈ ਦਾਸਤਾਨ ਦੀ 75ਵੀਂ ਵਰੇਗੰਢ ਮਨਾ ਰਿਹਾ ਹੈ। ਹਰ ਪੰਜਾਬੀ ਨੂੰ ਮਾਣ ਨਾਲ ਕਹਿਣਾ ਚਾਹੀਦਾ ਹੈ –

“ਉੱਚਾ ਕਰਕੇ ਮੈਂ ਜਾਵਾਗਾਂ, ਜੱਗ ਤੇ ਬੋਲ ਪੰਜਾਬੀ ਦਾ,

ਘਰ ਘਰ ਲੋਕ ਸੁਣਨਗੇ ਇਕ ਦਿਨ, ਵੱਜਦਾ ਢੋਲ ਪੰਜਾਬੀ ਦਾ”


Leave a Reply

Your email address will not be published. Required fields are marked *

1 Comments

TarlochanSingh Bhatti

26 May, 2022

ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮਾਂ ਬੋਲੀ ਦਿਹਾੜਾ ੨੦੨੩ ਦੀਆਂ ਮੁਬਾਰਕਾਂ 🎉🎊