Saturday , 18 May 2024
Saturday , 18 May 2024

ਪੰਜਾਬ ਦੀ ਵੰਡ ਦਾ ਸੰਤਾਪ

top-news
  • 30 Jul, 2022

ਪੰਜਾਬ ਦੀ ਵੰਡ ਦਾ ਸੰਤਾਪ 

By ਤਰਲੋਚਨ ਸਿੰਘ ਭੱਟੀ

ਪੀ.ਸੀ.ਐਸ. (ਸੇਵਾ ਮੁਕਤ) 

ਪੰਜਾਬ ਸਾਡਾ ਰੰਗਲਾ ਦੇਸ਼। ਇੱਥੇ ਕੁਦਰਤ ਆਪਣੇ ਪੂਰੇ ਨਿਖਾਰ ਵਿੱਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਕੁਦਰਤ ਦੀ ਇਸ ਰੰਗੀਨੀ ਨੇ ਪੰਜਾਬ ਨੂੰ ਦੇਵ ਭੂਮੀ, ਬੀਰ ਭੂਮੀ ਅਤੇ ਕਲਾ ਭੂਮੀ ਬਣਾ ਦਿੱਤਾ। ਹੱੜਪਾ ਮਹਿੰਜੋਦਰੋ, ਤਕਸ਼ਿਲਾ ਅਤੇ ਰੋਪੜ ਦੀਆਂ ਖੁਦਾਈਆਂ ਵਿਚੋਂ ਬਰੀਕ ਬੀਨਾਂ ਦਾ ਝਾਵਲੇ ਪੈਂਦੇ ਹਨ ਕਿ ਵਿਸ਼ਵ ਸਭਿਅਤਾ ਦੇ ਪੰਘੂੜੇ ਨੂੰ ਸ਼ਾਇਦ ਪਹਿਲਾ ਝੂਟਾ ਇਥੇ ਹੀ ਮਿਿਲਆ ਸੀ। ਵਿਸ਼ਵ ਸਾਹਿਤ ਦਾ ਮੰਗਲਾ ਚਰਨ ਵੇਦ ਰਿਚਾਵਾਂ ਦੇ ਰੂਪ ਵਿੱਚ ਇਥੋ ਦੇ ਦਰਿਆਵਾਂ ਅਤੇ ਨਦੀਆਂ ਦੇ ਕੰਢਿਆ ਵਿੱਚ ਇਕ ਵਿਸਮਾਦੀ ਰੰਗ ਅਤੇ ਅਲਵੇਲਾਪਣ ਹੈ। 

 ਸਪਤ ਸਿੰਧੂ – ਸੱਤ ਦਰਿਆਵਾਂ ਦੀ ਧਰਤੀ ਅਤੇ ਫਿਰ ਪੰਜਾਬ ਪੰਜ ਦਰਿਆਵਾਂ ਦੀ ਇਹ ਧਰਤੀ “ਪੰਜਾਬ ਸ਼ਬਦ ਦਾ ਵਰਣਨ, ਇਤਹਾਸਕਾਰਾਂ ਅਨੁਸਾਰ ਸਭ ਤੋ ਪਹਿਲਾ ਇਬਨ ਬਤੂਤਾ, ਇਕ ਚੀਨੀ ਖੋਜ ਕਾਰ ਦੀਆਂ ਲਿਖਤਾਂ ਵਿੱਚ ਮਿਲਦਾ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ। ਰਿਗਵੇਦ ਵਿੱਚ ਪੰਜਾਬ ਦੇ ਲਈ ਪੇਟਾਪੋਟਾਮੀਆਂ ਸ਼ਬਦ ਦੀ ਵਰਤੋ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪੰਜਾਬ ਦਾ ਬਹੁਤਾ ਹਿੱਸਾ ਉਨ੍ਹਾਂ ਦੇ ਸਲਤਨਤ ਵਿੱਚ ਰਿਹਾ ਹੈ। ਸਤਲੁਜ ਦਰਿਆ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਅਤੇ ਸਰਕਾਰ-ਏ- ਖਾਲਸਾ ਦੀਆਂ ਹੱਦਾਂ ਬਣ ਗਿਆ। 1882 ਈ ਵਿੱਚ ਰੋਪੜ ਨੇੜਿਓ ਸਤਲੁਜ ਦਰਿਆ ਵਿਚੋ ਮਾਲਵੇ ਦੇ ਖਿਤੇ ਵਾਲੇ ਪੰਜਾਬ ਦੀ ਸਿੰਚਾਈ ਲਈ ਨਹਿਰ ਕਢੀ ਗਈ ਜਿਸ ਉਤੇ ਖਰਚਾ ਅੰਗਰੇਜ਼ਾ ਅਤੇ ਸਰਕਾਰ-ਏ-ਖਾਲਸਾ ਨੇ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋ ਬਾਦ ਸਰਕਾਰ-ਏ-ਖਾਲਸਾ ਦਾ ਭੋਗ ਪੈ ਗਿਆ ਅਤੇ ਪੰਜਾਬ ਨੂੰ 1849 ਈ ਵਿੱਚ ਬਰਤਾਨਵੀ ਰਾਜ ਦਾ ਹਿਸਾ ਬਣਾ ਦਿਤਾ ਗਿਆ ਅਤੇ ਇਹ ਪ੍ਰਬੰਧ ਭਾਰਤ ਵਿੱਚੋ ਪਾਕਿਸਤਾਨ ਅੱਡ ਹੋਣ ਅਤੇ ਪੰਜਾਬ 1947 ਈ ਹੋਈ ਵੰਡ ਤਕ ਚਲਦਾ ਰਿਹਾ। ਯਾਦ ਰਖਣਾ ਹੋਵੇਗਾ ਕਿ 1947 ਤੋ ਪਹਿਲਾ ਦੇੇ ਪੰਜਾਬ ਦੀਆਂ ਭੂਗੋਲਿਕ ਹੱਦਾਂ ਦਰਿਆ ਸਿੰਧ (ਅਟਕ) ਤੋ ਲੈ ਕੇ ਜਮਨਾ ਨਦੀ (ਦਿੱਲੀ) ਤੱਕ ਫੈਲੀਆ। 

ਪ੍ਰਸਿੱਧ ਖੋਜੀ ਪੱਤਰਕਾਰ ਰਮਨੀਕ ਸਿੰਘ ਮਾਨ ਅਨੁਸਾਰ 1947 ਈ ਵਿੱਚ ਭਾਰਤ ਵਿੱਚੋ ਪਾਕਿਸਤਾਨ ਅਲੱਗ ਹੋਣ ਅਤੇ ਪੰਜਾਬ ਦੀ ਚੜਦਾ ਪੰਜਾਬ (ਭਾਰਤ) ਅਤੇ ਲਹਿੰਦਾ ਪੰਜਾਬ (ਪਾਕਿਸਤਾਨ) ਹੋਈ ਵੰਡ ਦਾ ਸਭ ਤੋ ਵਧ ਵਿਰੋਧ ਉਸ ਸਮੇਂ ਦੇ ਬਰਤਾਨਵੀ ਪੰਜਾਬ ਦੇ ਪ੍ਰਧਾਨ ਮੰਤਰੀ ਲੈਫਟੀਨੈਂਟ ਕਰਨਲ ਸਰ ਮਲਿਨ ਖਿਯਾਰ ਟਿਵਾਣਾ ਨੇ ਕੀਤਾ ਸੀ। ਬਰਤਾਨਵੀ ਰਾਜ ਸਮੇਂ ਪੰਜਾਬ ਦਾ ਮੁੱਖ ਮੰਤਰੀ ਨਹੀ ਸਗੋਂ ਪ੍ਰਧਾਨ ਮੰਤਰੀ ਹੋਇਆ ਕਰਦਾ ਸੀ। ਸਰ ਟਿਵਾਣਾ ਬਰਤਾਨਵੀ ਪੰਜਾਬ ਦੇ ਆਖਰੀ ਪ੍ਰਧਾਨ ਮੰਤਰੀ ਸਨ ਅਤੇ ਉਨ੍ਹਾਂ ਦੇ ਪੁਰਖਿਆਂ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਬਾਦ ਵਿੱਚ ਬਰਤਾਨਵੀ ਰਾਜ ਸਮੇਂ ਪੰਜਾਬ ਦੀ ਸਿਆਸਤ ਵਿੱਚ ਦਬਦਬਾ ਰਿਹਾ ਹੈ। ਬਰਤਾਨਵੀ ਰਾਜ ਸਮੇਂ ਪੰਜਾਬ ਵਿੱਚ ਨਾ ਤਾਂ ਕਾਂਗਰਸ ਅਤੇ ਨਾ ਹੀ ਮੁਸਲਿ ਲੀਗ ਦੀ ਥਾਂ ਸਰ ਖਿਯਾਰ ਟਿਵਾਣਾ ਅਤੇ ਉਸਦੀ ਯੂਨੀਅਨਿਸਟ ਪਾਰਟੀ ਦਾ ਬੋਲਬਾਲਾ ਰਿਹਾ ਜਿਸ ਦੇ ਸਰਬਰਾਹ ਸਰ ਟਿਵਾਣਾ ਅਤੇ ਸਰ ਛੋਟੂਰਾਮ ਰਹੇ। 1945 ਵਿੱਚ ਸਰ ਛੋਟੂਰਾਮ ਦੀ ਮੌਤ ਤੋ ਬਾਦ ਸਰ ਟਿਵਾਣਾ ਦੀ ਪੰਜਾਬ ਦੀ ਸਿਆਸਤ ਉਤੇ ਪਕੜ ਕਮਜ਼ੋਰ ਪੈਣ ਲਗੀ। ਪੰਜਾਬ ਦੀ ਵੰਡ ਦਾ ਜਬਰਦਸਤ ਵਿਰੋਧ ਕਾਰਨ ਸਰ ਟਿਵਾਣਾ ਨੂੰ 2 ਮਾਰਚ 1947 ਨੂੰ ਪੰਜਾਬ ਦੇ ਪ੍ਰਧਾਨ ਮੰਤਰੀ ਦੇ ਪੱਦ ਤੋ ਅਸਤੀਫਾ ਦੇਣਾ ਪਿਆ। ਧਰਮ ਦੇ ਅਧਾਰ ਤੇ ਭਾਰਤ ਵਿਚੋ ਵੱਖ ਹੋਕੇ ਬਣੇ ਪਾਕਿਸਤਾਨ ਅਤੇ ਪੰਜਾਬ ਦੀ ਵੰਡ ਬਤੌਰ ਲਹਿੰਦਾ ਪੰਜਾਬ (ਪਾਕਿਸਤਾਨ) ਅਤੇ ਚੜਦਾ ਪੰਜਾਬ (ਭਾਰਤ) ਹੋਣ ਨਾਲ ਪੰਜਾਬ ਦੰਗਿਆ, ਲੁੱਟ ਮਾਰ ਅਤੇ ਜਬਰ ਜਿਨਾਹ ਦੀ ਭੇਟ ਚੜ ਗਿਆ। ਦੋਹਾਂ ਪਾਸਿਆਂ ਦੇ ਪੰਜਾਬੀਆਂ ਦੀ ਲੱਖਾਂ ਦੀ ਗਿਣਤੀ ਵਿੱਚ ਕਤਲੋਗਾਰਤ ਹੋਈ ਅੱਰਬਾਂ ਰੁੱਪਿਆਂ ਦੀ ਜਾਇਦਾਦ ਸਾੜੀ ਗਈ, ਹਜ਼ਾਰਾਂ ਔਰਤਾਂ ਬਲਾਤਕਾਰ ਦੀ ਭੇਟ ਚੜ ਗਈ। ਦੁਨੀਆਂ ਦੇ ਇਤਿਹਾਸ ਵਿੱਚ ਧਰਮ ਦੇ ਅਧਾਰ ਤੇ ਕਿਸੇ ਰਾਜ ਦੀ ਵੰਡ ਦਾ ਸਭ ਤੋ ਵੱਡਾ ਦੁਖਾਂਤ ਵਾਪਰਿਆ ਹੈ ਅਤੇ ਇਸਦਾ ਖਾਮਿਆਜ਼ਾ ਆਉਣ ਵਾਲੀਆਂ ਪੀੜੀਆ ਨੂੰ ਭੁਗਤਣਾ ਪਿਆ ਹੈ। ਇਸਦੇ ਨਾਲ ਹੀ 1965 ਅਤੇ 1971 ਵਿੱਚ  ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਜੰਗ ਵਿੱਚ ਚੜਦੇ ਅਤੇ ਲਹਿੰਦੇ ਦੋਵਾਂ ਪੰਜਾਬ ਵਾਸੀਆਂ ਨੂੰ ਪੀੜਤ ਹੋਣਾ ਪਿਆ ਹੈ। 

1947 ਵਿੱਚ ਪੰਜਾਬ ਦੀ ਹੋਈ ਵੰਡ ਦੇ ਉਜਾੜੇ ਅਤੇ ਕਤਲੋਗਾਰਤ ਨੂੰ ਯਾਦ ਰੱਖਣ ਲਈ ਅੰਮ੍ਰਿਤਸਰ ਵਿਖੇ ਪਾਰਟੀਸ਼ਨ ਮਿਊਜੀਅਮ ਬਣਾਇਆ ਗਿਆ ਹੈ। ਪੰਜਾਬ ਦੀ ਹੋਈ ਵੰਡ ਸਮੇਂ ਲੋਕਾਂ ਦੀ ਵੱਡੇ ਪੱਧਰ ਤੇ ਹੋਈ ਕਤਲੋਗਾਰਤ ਅਤੇ ਪਲਾਇਨ ਦੇ ਨਾਲ ਨਾਲ ਪੰਜਾਬ ਦੇ ਪੰਜ ਦਰਿਆ ਵੀ ਵੰਡੇ ਗਏ। ਜੇਹਲਮ, ਝਨਾਬ ਅਤੇ ਅੱਧਾ ਰਾਵੀ ਦਰਿਆ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਹਿੱਸੇ ਆਇਆ ਅਤੇ ਬਿਆਸ, ਸਤਲੁਜ ਅਤੇ ਅੱਧਾ ਰਾਵੀ ਚੜਦੇ ਪੰਜਾਬ ਦੇ ਹਿੱਸੇ ਆਇਆ। ਪੰਜਾਬ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਪੰਜਾਬ ਦੀ ਵੰਡ ਦੇ ਸੰਤਾਪ ਨੂੰ ਕੁੱਝ ਇਸ ਤਰ੍ਹਾਂ ਬਿਆਨਿਆ ਹੈ “ਕਹੇ ਸਤਲੁਜ ਦਾ ਪਾਣੀ, ਆਖੇ ਬਿਆਸ ਦੀ ਰਵਾਨੀ, ਸਾਡਾ ਜੇਹਲਮ ਚਨਾਬ ਨੂੰ ਸਲਾਮ ਆਖਣਾ। ਅਸੀ ਮੰਗਦੇ ਹਾਂ ਖੈਰਾਂ ਸੁਬਹ ਸ਼ਾਮ ਆਖਣਾ ਜੀ ਸਲਾਮ ਆਖਣਾ। ਰਾਵੀ ਇੱਧਰ ਵੀ ਵਗੇ, ਰਾਵੀ ਉੱਧਰ ਵੀ ਵਗੇ, ਲੈ ਕੇ ਜਾਂਦੀ ਸੱੁਖ ਦਾ ਸੁਨੇਹਾ ਜਿਹਾ ਲਗੇ। ਏਦੀ ਤੋਰ ਨੂੰ ਹੀ ਪਿਆਰ ਦਾ ਪੈਗਾਮ ਆਖਣਾ 

ਸਾਡੇ ਢਾਈ ਦਰਿਆਵਾਂ ਵਾਲੇ ਚੜਦੇ ਪੰਜਾਬ ਦੀ ਧਰਮ ਦੇ ਅਧਾਰ ਤੇ ਵੰਡ ਦੇ ਸੰਤਾਪ ਦੀ ਗੱਲ 1947 ਦੀ ਵੰਡ ਤਕ ਹੀ ਸੀਮਤ ਨਹੀ ਰਹੀ ਸਗੋ 1947 ਤੋ ਬਾਦ ਵੀ ਪੰਜਾਬ ਦੀ ਵੰਡ ਭਾਸ਼ਾ ਦੇ ਅਧਾਰ ਵੀ ਹੋਈ। ਪੰਜਾਬੀ ਸੂਬਾ ਲਹਿਰ ਦੇ ਨਤੀਜੇ ਵਜੋ ਪਹਿਲੀ ਨਵੰਬਰ 1966 ਨੂੰ ਪੰਜਾਬ, ਪੰਜਾਬੀ ਅਤੇ ਹਿੰਦੀ ਭਾਸ਼ਾਈ ਇਲਾਕਿਆਂ ਅਨੁਸਾਰ ਵੰਡਿਆ ਗਿਆ ਅਤੇ ਪੰਜਾਬ ਵਿਚੋ ਹਿੰਦੀ ਬੋਲਦਾ ਇਲਾਕਾ ਹਰਿਆਣਾ ਰਾਜ ਦੇ ਤੋਰ ਤੇ ਵੱਖਰਾ ਕਰ ਦਿਤਾ ਗਿਆ ਅਤੇ ਹਿੰਦੀ ਅਤੇ ਪਹਾੜੀ ਇਲਾਕਾ ਵੀ ਪੰਜਾਬ ਵਿਚੋ ਕਢ ਕੇ ਹਿਮਾਚਲ ਪ੍ਰਦੇਸ਼ ਵਿੱਚ ਸ਼ਾਮਲ ਕਰ ਦਿਤਾ ਗਿਆ। ਸਿਟੇ ਵਜੋ ਪੰਜਾਬ ਹੁਣ ਪੰਜਾਬ ਦਾ ਰਹਿ ਕੇ ਢਾਈ ਦਰਿਆਵਾਂ ਵਾਲਾ ਪੰਜਾਬ ਬਣਕੇ ਰਹਿ ਗਿਆ। ਸਮੇਂ ਦੀਆਂ ਸਰਕਾਰਾਂ ਪੰਜਾਬ ਨੂੰ ਬੰਜਰ ਬਣਾਉਣ ਲਈ ਤੁਲੀਆ ਹੋਈਆ ਹਨ ਅਤੇ ਪੰਜਾਬ ਦੀ ਨੌਜਵਾਨੀ ਪੰਜਾਬ ਨੂੰ ਛੱਡਕੇ ਕਿਸੇ ਹੋਰ ਮਿਨੀ ਪੰਜਾਬ ਵੱਲ ਪ੍ਰਵਾਨ ਕਰਨ ਲਈ ਤਰਲੋਮੱਛੀ ਹੋ ਰਹੀ ਹੈ। ਸਾਡੀ ਇਹ ਪੰਜ ਦਰਿਆਵਾਂ ਦੀ ਭੋੰਇ ਮੁੱਢ ਕਦੀਮ ਤੋ ਇਕ ਹੈ ਭਾਵੇ ਇਸਦੇ ਕਈ ਟੁਕੜੇ ਹੋ ਚੁੱਕੇ ਹਨ। ਪੰਜਾਬ ਦੀ ਧਰਤੀ ਦਾ ਚਿਹਰਾ ਮੁਹਰਾ ਭਾਵੇ ਟੋਟੇ ਟੋਟੇ ਹੋ ਗਿਆ ਹੈ ਪਰ ਇਸਦੀ ਰੂਹ ਵੀ ਕਿਤੇ ਟੋਟੁ ਟੋਟੇ ਨਾ ਹੋ ਜਾਵੇ। ਦਿਲਾਂ ਦੇ ਸੁਮੇਲ ਦਾ ਇਕ ਛੇਵਾਂ ਦਰਿਆ ਉਤਪੰਨ ਕਰੀਏ ਜਿਹੜਾ ਸਾਡੀ ਪੰਜਾ ਪਾਣੀਆਂ ਦੀ ਵਿਰਾਸਤ ਨੂੰ ਜਿੰਦਾ ਰੱਖ ਸਕੇ। 

 ਢਾਈ ਦਰਿਆਵਾਂ ਵਾਲੇ ਪੰਜਾਬ ਦੇ ਸੰਤਾਪ ਦੇ ਸੰਦਰਭ ਵਿੱਚ ਪੰਜਾਬੀ ਦੇ ਮਸ਼ਹੂਰ ਸ਼ਾਇਰ ਬਾਬਾ ਨੱਜ਼ਮੀ ਦੀ ਕਵਿਤਾ ਕੁਝ ਸਕੂਨ ਦੇਣ ਵਾਲੀ ਹੋਵੇਗੀ : 

ਅੱਖਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ

ਝਖੜਾਂ ਦੇ ਵਿੱਚ ਰੱਖ ਦਿਤਾ ਏ ਦੀਵਾ ਬਾਲ ਪੰਜਾਬੀ ਦਾ।

ਧੂੜਾਂ ਨਾਲ ਕਈ ਨਈ ਮਰਨਾ ਸ਼ੀਸ਼ੇ ਦੇ ਲਸ਼ਕਾਰੇ ਨੇ

ਜਿੰਨੀ ਮਰਜ਼ੀ ਤਿੱਖੀ ਬੋਲੋ ਉਰਦੂ ਬਾਲ ਪੰਜਾਬੀ ਦਾ।

ਲੋਕੀ ਮੰੰਗ ਮੰਗਾ ਕੇ ਆਪਣਾ ਬੋਹਲ ਬਣਾ ਕੇ ਬਹਿ ਗਏ ਨੇ

ਅਸਾਂ ਤੇ ਮਿੱਟੀ ਕਰ ਦਿਤਾ ਏ, ਸੋਨਾ ਮਾਲ ਪੰਜਾਬੀ ਦਾ।

ਜਿਹੜੇ ਆਖਣ ਵਿੱਚ ਪੰਜਾਬੀ ਵੁਸਅਤ ਨਹੀਂ, ਤਹਿਜ਼ੀਬ ਨਹੀਂ

ਪੜਕੇ ਵੇਖਣ ‘ਵਾਰਸ ‘ਬੁਲਾਂ ‘ਬਾਹੂ ‘ਲਾਲ ਪੰਜਾਬੀ ਦਾ।

ਤਨ ਦਾ ਮਾਸ ਖਵਾ ਦਿੰਦਾ ਏ, ਜਿਹੜਾ ਇਹਨੂੰ ਪਿਆਰ ਕਰੇ

ਕੋਈ ਵੀ ਜਾਬਰ ਕਰ ਨਹੀ ਸਕਦਾ, ਵਿੰਗਾ ਵਾਲ ਪੰਜਾਬੀ ਦਾ।

ਗਰਜ਼ਾਂ ਵਾਲੀ ਜੋਕ ਨੇ ਸਾਡੇ ਮਗਰੋ ਜਦ ਤਕ ਲਹਿਣਾ ਨਹੀ

ਓਨਾ ਚਿਰ ਤੇ ਹੋ ਨਹੀ ਸਕਦਾ ਹੱਕ ਬਹਾਲ ਪੰਜਾਬੀ ਦਾ।

ਹੱਥ ਹਜ਼ਾਰਾਂ ਵਧਕੇ “ਬਾਬਾ ਘੁੱਟ ਦੇਂਦੇ ਨੇ ਮੇਰਾ ਮੂੰਹ

ਪਰਿਆ ਦੇ ਵਿੱਚ ਜਦ ਵੀ ਚੱੁਕਣਾ ਕੋਈ ਸਵਾਲ ਪੰਜਾਬੀ ਦਾ।


Leave a Reply

Your email address will not be published. Required fields are marked *

0 Comments