Thursday , 16 May 2024
Thursday , 16 May 2024

ਮਹਾਨ ਜਰਨੈਲ ਜ਼ੋਰਾਵਰ ਸਿੰਘ – ਭਾਰਤ ਦਾ ਨੈਪੋਲੀਅਨ

top-news
  • 28 Apr, 2023

By ਤਰਲੋਚਨ ਸਿੰਘ ਭੱਟੀ

ਪੀ.ਸੀ.ਐਸ. (ਸੇਵਾ ਮੁਕਤ)

ਪੰਜਾਬ, ਪੰਜਾਬੀਅਤ ਅਤੇ ਸਿੱਖ ਇਤਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ (12 ਅਪ੍ਰੈਲ 1801 ਤੋਂ 27 ਜੂਨ 1839) ਦਾ ਸਾਮਰਾਜ ‘ਸਰਕਾਰ-ਏ-ਖ਼ਾਲਸਾ’ ਜਾਂ ‘ਖਾਲਸਾ ਰਾਜ’ ਤੇ ਤੌਰ ਤੇ ਯਾਦ ਕੀਤਾ ਜਾਂਦਾ ਹੈ। ਆਪਣੇ ਰਾਜ ਦੌਰਾਨ ਉਨ੍ਹਾਂ ਨੇ ਗੁਰੂ ਨਾਨਕ ਜੀ ਨੂੰ ਸਮਰਪਿਤ ਨਾਨਕ-ਸ਼ਾਹੀ ਸਿਕੇ ਵੀ ਜਾਰੀ ਕੀਤੇ। ਉਨ੍ਹਾਂ ਦੇ ਰਾਜ ਦੀ ਭੂਗੋਲਿਕ ਪਹੁੰਚ ਵਿੱਚ ਸਤਲੁਜ ਦਰਿਆਂ ਉਤਰ ਵੱਲ, ਉਤਰ ਪਛਮੀ ਹਿਮਾਲਿਆਂ ਦੀਆਂ ਉੱਚੀਆਂ ਵਾਦੀਆਂ ਸ਼ਾਮਲ ਸਨ। ਪ੍ਰਮੁੱਖ ਇਲਾਕਿਆਂ ਵਿੱਚ ਸ਼੍ਰੀਨਗਰ, ਜੰਮੂ, ਗੁਜਰਾਤ, ਸਿਆਲਕੋਟ, ਕਾਂਗੜਾ, ਅੰਮ੍ਰਿਤਸਰ, ਲਾਹੌਰ, ਮੁਲਤਾਨ, ਅੱਟਕ, ਪਿਸ਼ਾਵਰ, ਬੰਨੂ, ਰਾਵਲਪਿੰਡੀ, ਗਿਲਗਿਤ-ਬਾਲਟਿਸਤਾਨ, ਲਦਾਖ ਸ਼ਾਮਲ ਸਨ। ਇਤਨੇ ਵਿਸ਼ਾਲ ਸਾਮਰਾਜ ਨੂੰ ਸਥਾਪਤ ਕਰਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਨਿੱਜੀ ਸੂਝ-ਬੂਝ ਅਤੇ ਕੂਟਨੀਤੀ ਤੋਂ ਇਲਾਵਾ ਉਸਦੇ ਮਹਾਨ ਫੌਜੀ ਜਰਨੈਲਾਂ ਦਾ ਵੀ ਯੋਗਦਾਨ ਹੈ। ਇਨ੍ਹਾਂ ਜਰਨੈਲਾਂ ਵਿੱਚ ਜਨਰਲ ਜ਼ੋਰਾਵਰ ਸਿੰਘ ਦਾ ਜ਼ਿਕਰ ਨੇ ਇਤਹਾਸਕਾਰਾ ਨੇ ਵਿਸ਼ੇਸ਼ ਤੌਰ ਤੇ ਕੀਤਾ ਹੈ। ਮਹਾਰਾਜਾ ਸਾਹਿਬ ਦੇ ਸਰਕਾਰ-ਏ-ਖ਼ਾਲਸਾ ਵੇਲੇ ਲਗਭਗ 70% ਮੁਸਲਮਾਨ 24% ਹਿੰਦੂ ਅਤੇ ਕੇਵਲ 6% ਸਿੱਖਾਂ ਦੀ ਅਬਾਦੀ ਸੀ ਪਰ ਉਨ੍ਹਾਂ ਦੀ ਤਾਕਤਵਰ ਫੌਜ ਵਿੱਚ ਹਿੰਦੂ, ਮੁਸਲਮਾਨ ਅਤੇ ਯੂਰਪੀਅਨ ਜਰਨੈਲ ਵੀ ਸ਼ਾਮਲ ਸਨ ਜਿਨ੍ਹਾਂ ਵਿਚ ਜਰਨਲ ਫ਼ਕੀਰ ਅਜ਼ੀਜੁਦੀਨ, ਜਰਨਲ ਗੋਸ਼ੇਖਾਨ, ਜਨਰਲ ਜੀਨ-ਬੈਪਿਸਟ, ਵੈਨਤੂਰਾ, ਜਰਨਲ ਹੋਨਿਨਬਰਗਰ, ਜਨਰਲ ਮਹਾਂ ਸਿੰਘ ਮੀਰਪੁਰੀਆ, ਜਨਰਲ ਦੀਵਾਨ ਮੋਹਕਮ ਚੰਦ, ਜਨਰਲ ਮਿਸਰ ਦੀਵਾਨ ਚੰਦ, ਜਨਰਲ ਮੂਲ ਰਾਜ, ਜਨਰਲ ਹਰੀ ਸਿੰਘ ਨਲੁਆ ਅਤੇ ਜਨਰਲ ਜ਼ੋਰਾਵਰ ਸਿੰਘ ਡੋਗਰਾ ਕਹਿਲੂਰੀਆਂ ਵਿਸ਼ੇਸ਼ ਸਥਾਨ ਰੱਖਦੇ ਹਨ। ਸੂਰਬੀਰ ਜਨਰਲ ਹਰੀ ਸਿੰਘ ਨਲਵਾ ਅਤੇ ਜਨਰਲ ਜ਼ੋਰਾਵਰ ਸਿੰਘ ਨੇ ਵਿਸ਼ੇਸ਼ ਨਾਮਨਾ ਖੱਟਿਆ ਹੈ। ਅਟੱਕ, ਮੁਲਤਾਨ ਪਿਸ਼ਾਵਰ ਦੀਆਂ ਅਫਗਾਨਾਂ ਵਿਰੁੱਧ ਜੰਗਾਂ ਵਿੱਚ ਜਿਥੇ ਹਰੀ ਸਿੰਘ ਨਲਵਾ ਦੇ ਜੰਗੀ ਕਾਰਨਾਮੇਆਂ ਕਾਰਨ ਲੋਕਾਂ ਵਿੱਚ ਦੰਦ ਕਥਾ ਅਤੇ ਰਿਵਾਇਤਾਂ ਬਣਿਆ ਉਥੇ ਹਿਮਾਲ਼ਿਆਂ ਪਹਾੜੀ ਖੇਤਰ ਵਿੱਚ ਜਨਰਲ ਜ਼ੋਰਾਵਰ ਸਿੰਘ ਨੇ ਆਪਣੀ ਅਦੱੁਤੀ ਬਹਾਦਰੀ ਅਤੇ ਕੁਰਬਾਨੀ ਰਾਹੀਂ ਇਤਹਾਸ ਸਿਰਜਿਆ ਹੈ। ਜਨਰਲ ਜ਼ੋਰਾਵਰ ਸਿੰਘ ਦੀ ਅਗਵਾਹੀ ਹੇਠ ਹੀ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਸਰਕਾਰ-ਏ-ਖਾਲਸਾ ਝੰਡਾ ਹਿਮਾਲਿਆ ਖੇਤਰ ਵਿੱਚ ਝੁਲਦਾ ਰਿਹਾ ਹੈ। ਪ੍ਰਸਿੱਧ ਲੇਖਕ ਅਤੇ ਇਤਹਾਸਕਾਰ ਸ. ਖੁਸ਼ਵੰਤ ਸਿੰਘ ਅਨੁਸਾਰ ਜਨਰਲ ਜ਼ੋਰਾਵਰ ਸਿੰਘ ਦੀ ਬਦੋਲਤ ਤਿਬਤ ਵਿੱਚ ਸਿੱਖਾਂ ਦਾ ਝੰਡਾ ਬੁਲੰਦ ਹੋਇਆ। ਜਨਰਲ ਜ਼ੋਰਾਵਾਰ ਸਿੰਘ ਦੀ ਬਹਾਦਰੀ ਅਤੇ ਫੋਜੀ ਮੁਹਿੰਮਾਂ/ ਜੰਗਾਂ ਦੀ ਮੇਜਰ ਜਨਰਲ ਸਰ ਅਲੈਗਜੈਂਡਰ ਕਨਿੰਅਮ, ਕਰਨਲ ਬਖਸ਼ੀ ਰਾਮ ਅਤੇ ਹੋਰ ਫੋਜੀ ਖੋਜਕਾਰਾ ਨੇ ਆਪਣੀ ਲਿਖਤਾਂ ਵਿੱਚ ਵਿਸ਼ੇਸ਼ ਜ਼ਿਕਰ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਨੇ  ਗੁਲਾਬ  ਸਿੰਘ ਨੂੰ ਜੰਮੂ ਦਾ ਰਾਜਾ ਨਿਯੁਕਤ ਕੀਤਾ ਅਤੇ ਜਨਰਲ ਜ਼ੋਰਾਵਰ ਸਿੰਘ ਨੂੰ ਉਨ੍ਹਾਂ ਦਾ ਵਜ਼ੀਰ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਵਲੋਂ 1983 ਈ. ਵਿੱਚ ਜਨਰਲ ਜ਼ੋਰਾਵਰ ਸਿੰਘ ਦੀ ਜੀਵਨੀ ਅਤੇ ਕਾਰਨਾਮਿਆਂ  ਬਾਰੇ ਦਸਤਾਵੇਜ਼, ਪ੍ਰਕਾਸ਼ਤ ਕੀਤਾ ਗਿਆ ਹੈ। ਇਤਹਾਸਕਾਰਾਂ ਏ.ਵੀ.ਸਮਿਥ ਨੇ ਆਪਣੀਆਂ ਲਿਖਤਾਂ ਰਾਹੀਂ ਜਨਰਲ ਸਾਹਿਬ ਨੂੰ ਭਾਰਤ ਦਾ ਨੈਪੋਲੀਅਨ ਅਤੇ ਲਦਾਖ ਦਾ ਜੇਤੂ ਜਰਨਲ ਦਸਿਆ ਹੈ।

ਜ਼ਿਕਰਯੋਗ ਹੋਵੇਗਾ ਕਿ ਸਤੰਬਰ 1842 ਨੂੰ ਤਿਬਤੀ ਅਤੇ ਲਹਾਸਾ ਲਾਮਾ ਸਰਕਾਰਾਂ ਅਤੇ ਸਰਕਾਰ-ਏ-ਖ਼ਾਲਸਾ ਦੀ ਤਰਫ਼ੋ ਜੰਮੂ ਦੇ ਰਾਜਾ ਗੁਲਾਬ ਸਿੰਘ ਵਿਚਾਲੇ ਲਦਾਖ ਸਬੰਧੀ ਚੁਸ਼ਲ ਵਿਖੇ ਹੋਈ ਸ਼ਾਂਤੀ ਸੰਧੀ ਜਨਰਲ ਜ਼ੋਰਾਵਰ ਸਿੰਘ ਦੀ ਅਦੱੁਤੀ ਦੇਣ ਹੈ। ਇਸ ਸੰਧੀ ਅਨੁਸਾਰ ‘ਅਸੀ (ਤਿਬਤੀ ਅਤੇ ਲਹਾਸਾ ਸਰਕਾਰਾਂ) ਨਾਂ ਤਾਂ ਵਰਤਮਾਨ ਵਿੱਚ ਅਤੇ ਭੱਵਿਖ ਵਿੱਚ ਲਦਾਖ ਅਤੇ ਇਸਦੇ ਆਲੇ ਦੁਆਲੇ ਦੀਆਂ ਸੀਮਾਵਾਂ ਜਿਵੇਂ ਪੁਰਾਣੇ ਜਮਾਨੇ ਵਿੱਚ ਨਿਰਧਾਰਤ ਹਨ ਅਨੁਸਾਰ ਹੀ ਕੋਈ ਫੇਰ ਬੱਦਲ ਜਾਂ ਦਖਲ ਅੰਦਾਜੀ ਨਹੀ ਕਰਾਂਗੇ। ਪੁਰਾਣੇ ਸਮੇਂ ਅਨੁਸਾਰ ਲਦਾਖ ਦੁਆਰਾ ਉੱਨ, ਸ਼ਾਲਾ ਅਤੇ ਚਾਹ ਦੇ ਸਾਲਾਨਾ ਨਿਰਯਾਤ ਦੀ ਇਜ਼ਾਜ਼ਤ ਦੇਵਾਗੇ। ਸਥਾਪਤ ਰੀਤੀਆ ਅਨੁਸਾਰ ਜੇਕਰ ਕਿਸੇ ਸਮੇਂ ਵੀ ਖਾਲਸਾ ਜੀ ਅਤੇ ਪਾਤਸ਼ਾਹ ਸਾਹਿਬ ਦਾ ਕੋਈ ਵੀ ਇਸ ਇਲਾਕੇ ਵਿੱਚ ਵਿਰੋਧ ਕਰੇਗਾ ਤਾਂ ਅਸੀ ਉਸਨੂੰ ਇਲਾਕੇ ਵਿੱਚ ਰਹਿਣ ਨਹੀ ਦੇਵਾਗੇ।

ਵਰਣਨਯੋਗ ਹੈ ਕਿ ਜਨਰਲ ਜ਼ੋਰਾਵਰ ਸਿੰਘ ਸਰਕਾਰ-ਏ-ਖਾਲਸਾ ਦੇ ਹਿਮਾਲਿਆ ਖੇਤਰ ਵਿੱਚ ਸਥਾਪਤ ਅਤੇ ਸੁਰਖਿਅਤ ਕਰਦੇ ਹੋਏ 12 ਦਸੰਬਰ 1841 ਨੂੰ ਸ਼ਹੀਦ ਹੋ ਗਏ। ਭਾਰਤ ਸਰਕਾਰ ਵਲੋਂ ਜਨਰਲ ਸਾਹਿਬ ਦੀ ਯਾਦ ਨੂੰ ਸਮਰਪਿਤ 31 ਦਸੰਬਰ 2000 ਨੂੰ ਭਾਰਤ ਸਰਕਾਰ ਵਲੋਂ ਜਨਰਲ ਜ਼ੋਰਾਵਰ ਸਿੰਘ ਦੇ ਨਾਮ ਡਾਕ ਟਿਕਟ ਵੀ ਜਾਰੀ ਕੀਤਾ ਗਿਆ ਹੈ ਅਤੇ ਜੰਮੂ ਵਿੱਚ ਜਨਰਲ ਜ਼ੋਰਾਵਰ ਸਿੰਘ ਆਡੀਟੋਰੀਅਮ ਵੀ ਬਣਵਾਇਆ ਹੈ। ਮੇਜਰ ਜਨਰਲ ਜੀ.ਡੀ. ਬਖਸ਼ੀ ਨੇ ਆਪਣੀ ਪੁਸਤਕ ‘ਬਰਫ ਵਿੱਚ ਪੈਰਾਂ ਦੇ ਨਿਸ਼ਾਨ : ਜ਼ੋਰਵਾਰ ਸਿੰਘ ਦੀ ਪਗਡੰਡੀ ਉਤੇ’ (2002), ਪ੍ਰੋ. ਸੁਖਦੇਵ ਸਿੰਘ ਚਰਕ ਦੀ ਪੁਸਤਕਾਂ ‘ਹਿਮਾਲੀਅਨ ਪ੍ਰਦੇਸ਼ਾਂ ਵਿੱਚ ਭਾਰਤੀ ਜਿੱਤ – ਜਨਰਲ ਜ਼ੋਰਾਵਰ ਸਿੰਘ ਡੋਗਰਾ ਦੇ ਕਾਰਨਾਮੇ’ (1978) ਅਤੇ ‘ਜਨਰਲ ਜ਼ੋਰਾਵਰ’ (1983) ਵਰਣਨਯੋਗ ਹਨ। ਕਿਹਾ ਜਾਂਦਾ ਹੈ ਕਿ ਤਿਬਤੀ ਅਤੇ ਲਹਾਸਾ ਲਾਮਾ ਫੋਜਾਂ ਨਾਲ ਲੜਦੇ ਹੋਏ ਜਦੋਂ ਜਨਰਲ ਸਾਹਿਬ ਸ਼ਹੀਦ ਹੋਏ ਤਾਂ ਤਿਬਤੀ ਫੋਜਾਂ ਨੇ ਉਨ੍ਹਾਂ ਦਾ ਫੋਜੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ। ਨਿਸਚੇ ਹੀ ਭਾਰਤੀ ਇਤਹਾਸ ਨੂੰ ਜਨਰਲ ਜ਼ੋਰਾਵਰ ਸਿੰਘ ਨੇ ਨਵਾਂ ਆਕਾਰ ਦਿੱਤਾ ਜਿਸ ਦੀ ਬਦੋਲਤ ਲਦਾਖ ਅੱਜ ਵੀ ਭਾਰਤ ਦਾ ਅਨਿਖੜਵਾਂ ਅੰਗ ਹੈ।


Leave a Reply

Your email address will not be published. Required fields are marked *

0 Comments