Thursday , 16 May 2024
Thursday , 16 May 2024

ਮਹਾਰਾਜਾ ਰਣਜੀਤ ਸਿੰਘ ਤੇ ਅੰਮ੍ਰਿਤਸਰ ਦੀ ਸੰਧੀ

top-news
  • 26 May, 2022

ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਵਿਚ ਇਕ ਨਵਾਂ ਮੋੜ ਲਿਆਉਣ ਵਾਲੀ ਸੀ ਅੰਮ੍ਰਿਤਸਰ ਦੀ ਸੰਧੀ। ਇਸ ਸੰਧੀ ਦੀਆਂ ਸਿਫਤਾਂ ਵੀ ਸਨ ਅਤੇ ਖਾਮੀਆਂ ਵੀ। ਖਾਮੀ ਇਹ ਸੀ ਕਿ ਇਸ ਨੇ ਜਮੁਨਾ ਤੇ ਸਿੰਧ ਦਰਿਆ ਦੇ ਵਿਚਾਲੇ ਰਹਿੰਦੀ ਸਾਰੀ ਸਿੱਖ ਵਸੋਂ ’ਤੇ ਰਣਜੀਤ ਸਿੰਘ ਦੀ ਨਿਵੇਕਲੀ ਪ੍ਰਭੂਸੱਤਾ ਦੇ ਦਾਅਵਿਆਂ ਨੂੰ ਸਦਾ ਲਈ ਖ਼ਤਮ ਕਰ ਦਿੱਤਾ। ਇਸ ਸੰਧੀ ਤੋਂ ਪਿਛੋਂ ਉਸਨੇ ਸਿੱਖਾਂ ਦੀ ਇਕ ਵੱਡੀ ਗਿਣਤੀ ਦਾ ਸ਼ਾਸਕ ਹੋਣਾ ਸੀ ਨਾ ਕਿ ਸਮੂਹ ਸਿੱਖਾਂ ਦਾ।ਅਸਲ ਵਿਚ ਇਹ ਕੂਟਨੀਤਕ ਸੰਧੀ ਬੇਸ਼ੱਕ ਇਕ ਸਿੱਖ ਰਾਜ ਨੂੰ ਹੋਂਦ ’ਚ ਲਿਆਉਣ ’ਚ ਸਹਾਇਕ ਸਿੱਧ ਹੋਈ ਪਰ ਨਾਲ ਦੀ ਨਾਲ ਇਸ ਸੰਧੀ ਨੇ ਅੰਗਰੇਜ਼ਾਂ ਨੂੰ ਵੀ ਵੱਡਾ ਫਾਇਦਾ ਪਹੁੰਚਾਇਆ।

ਇਤਿਹਾਸਕਾਰ ਕਨਿੰਘਮ ਕਹਿੰਦਾ ਹੈ, ‘‘ਇਸ ਮਿੱਤਰਤਾ ਪ੍ਰਤੀ ਰਣਜੀਤ ਸਿੰਘ ਹਮੇਸ਼ਾ ਨਿਸ਼ਠਾਵਾਨ ਰਿਹਾ ਅਤੇ ਇਸ ਗਠਜੋੜ ਤੋਂ ਉਸਨੇ ਕਦੇ ਮੁਕਤ ਨਾ ਹੋਣਾ ਚਾਹਿਆ। ਬਿ੍ਰਟਿਸ਼ ਸਰਕਾਰ ਨਾਲ ਇਹ ਮਿੱਤਰਤਾ ਪੂਰਨ ਗਠਜੋੜ ਸੀ।’’

ਇਸ ਦਾ ਕਾਰਣ ਇਹ ਸੀ ਕਿ ਮਹਾਰਾਜਾ ਆਪਣੀ ਕਮਜ਼ੋਰੀ ਅਤੇ ਅੰਗਰੇਜ਼ਾਂ ਦੀ ਤਾਕਤ ਤੋਂ ਜਾਣੂ ਸੀ। ਮਹਾਰਾਜਾ ਅਜੇ ਅੰਗਰੇਜ਼ਾਂ ਦਾ ਵਿਰੋਧ ਕਰਨ ਦੀ ਸਥਿਤੀ ਵਿਚ ਨਹੀਂ ਸੀ। ਉਸਦੀ ਫੌਜ ਨਾ ਹੀ ਇੰਨੀ ਪ੍ਰਬੀਨ ਸੀ ਅਤੇ ਨਾ ਹੀ ਸਿਖਿਅਤ।
ਅਜੇ ਉਸਨੇ ਆਪਣੀਆਂ ਜਿੱਤਾਂ ਨੂੰ ਠੋਸ ਬਣਾਉਣਾ ਸੀ ਤੇ ਉਸਨੂੰ ਇਸ ਗੱਲ ਦਾ ਭੈਅ ਸੀ ਕਿ ਅੱਧੇ ਜਿੱਤੇ ਸਰਦਾਰ ਅਤੇ ਕਬੀਲੇ, ਉਸਦੀਆਂ ਮੁਸ਼ਕਲਾਂ ਦਾ ਲਾਭ ਉਠਾ ਕੇ ਉਸ ਵਿਰੁੱਧ ਵਿਦਰੋਹ ਕਰ ਦੇਣਗੇ।

ਪੰਜਾਬ ਦੇ ਉਸ ਵੇਲੇ ਦੇ ਦਿਸਹੱਦੇ ’ਤੇ ਇਕ ਹੋਰ ਵੀ ਖ਼ਤਰਾ ਲਟਕ ਰਿਹਾ ਸੀ। ਮਹਾਰਾਜਾ ਦੇ ਹਠੀ ਰਵੱਈਏ ਨੂੰ ਦੇਖਦਿਆਂ ਬਿ੍ਰਟਿਸ਼ ਸਰਕਾਰ ਕਸੂਰ, ਮੁਲਤਾਨ ਅਤੇ ਝੰਗ ਦੇ ਸ਼ਾਸਕਾਂ ਨੂੰ ਸੁਰੱਖਿਆ ਪ੍ਰਦਾਨ ਕਰ ਸਕਦੀ ਸੀ। ਇਸ ਕਾਰਨ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਨਾਲ ਇਹ ਸੰਧੀ ਕਰਨੀ ਪਈ।
25 ਮਾਰਚ 1809 ਨੂੰ ਅੰਮ੍ਰਿਤਸਰ ਵਿਚ ਰਣਜੀਤ ਸਿੰਘ ਨੇ ਇਸ ਸੰਧੀ ਨੂੰ ਪਰਵਾਨ ਕਰਨ ’ਚ ਹੀ ਸਿਆਣਪ ਸਮਝੀ, ਜਿਸਨੂੰ ਪਿਛੋਂ ਅੰਮ੍ਰਿਤਸਰ ਦੀ ਸੰਧੀ ਕਿਹਾ ਜਾਣ ਲੱਗਾ।

ਇਸ ਸੰਧੀ ਦੀਆਂ ਤਿੰਨ ਸ਼ਰਤਾਂ ਦੇ ਅਧੀਨ ਪਹਿਲੀ ਸ਼ਰਤ ਇਹ ਸੀ ਕਿ ਬਿ੍ਰਟਿਸ਼ ਸਰਕਾਰ ਤੇ ਲਾਹੌਰ ਦੇ ਦਰਬਾਰ ਵਿਚ ਸਥਾਈ ਮਿੱਤਰਤਾ ਕਾਇਮ ਰਹੇਗੀ। ਲਾਹੌਰ ਰਾਜ ਨੂੰ ਸਭ ਤੋਂ ਵੱਧ ਨਿਵਾਜਿਆ ਰਾਜ ਸਮਝਿਆ ਜਾਏਗਾ ਤੇ ਬਿ੍ਰਟਿਸ਼ ਸਰਕਾਰ ਸਤਲੁਜ ਦਰਿਆ ਦੇ ਉੱਤਰ ਵਿਚ ਮਹਾਰਾਜੇ ਦੇ ਇਲਾਕਿਆਂ ਤੇ ਜਨਤਾ ਨਾਲ ਕੋਈ ਸਰੋਕਾਰ ਨਹੀਂ ਰੱਖੇਗੀ।

ਦੂਜੀ ਸ਼ਰਤ ਇਹ ਸੀ ਕਿ ਸਤਲੁਜ ਦਰਿਆ ਦੇ ਖੱਬੇ ਕੰਢੇ ਆਪਣੇ ਅਧੀਨ ਇਲਾਕੇ ਵਿਚ ਮਹਾਰਾਜਾ ਸਿਰਫ਼ ਓਨੀ ਹੀ ਫੌਜ ਰਖੇਗਾ ਜਿੰਨੀ ਇਲਾਕੇ ਦੀਆਂ ਅੰਦਰੂਨੀ ਲੋੜਾਂ ਨੂੰ ਪੂਰਿਆਂ ਕਰਨ ਲਈ ਜ਼ਰੂਰੀ ਹੋਵੇਗੀ। ਉਹ ਆਪਣੇ ਗੁਆਂਢੀ ਸਰਕਾਰਾਂ ਦੇ ਇਲਾਕੇ ਜਾਂ ਅਧਿਕਾਰਾਂ ਵਿਚ ਕੋਈ ਦਖ਼ਲ ਨਹੀਂ ਦੇਵੇਗਾ।  ਇਸ ਸੰਧੀ ਦੀ ਤੀਜੀ ਤੇ ਆਖਰੀ ਸ਼ਰਤ ਇਹ ਸੀ ਕਿ ਦੋਹਾਂ ਵਿਚੋਂ ਕਿਸੇ ਇਕ ਰਾਜ ਦੁਆਰਾ ਉਪਰੋਕਤ ਧਾਰਾਵਾਂ ਜਾਂ ਮਿੱਤਰਤਾ ਦੇ ਨਿਯਮਾਂ ਦੀ ਉਲੰਘਣਾ ਦੀ ਸੂਰਤ ਵਿਚ ਇਸ ਸੰਧੀ ਨੂੰ ਰੱਦ ਸਮਝਿਆ ਜਾਵੇਗਾ।  ਇਸ ਸੰਧੀ ਦੇ ਬਾਵਜੂਦ ਰਣਜੀਤ ਸਿੰਘ ਬਿ੍ਰਟਿਸ਼ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ਦੀ ਘੋਖ ਕਰਨ ’ਚ ਲਗਿਆ ਰਿਹਾ ਤਾਂ ਜੋ ਉਸਨੂੰ ਅੰਗਰੇਜ਼ਾਂ ਦੀਆਂ ਕੁਝ ਸੰਭਾਵਿਤ ਕਮਜ਼ੋਰੀਆਂ ਦਾ ਪਤਾ ਲਗ ਜਾਵੇ।

ਸੰਨ 1816 ਦੇ ਆਰੰਭਿਕ ਦੌਰ ਵਿਚ ਨੇਪਾਲ ਦੀ ਜੰਗ ਵਿਚ ਜਦੋਂ ਬਿ੍ਰਟਿਸ਼ ਸਰਕਾਰ ਦੀ ਫੌਜ ਦਾ ਜਰਨੈਲ ਗਿਲੈਸਪੀ ਮਾਰਿਆ ਗਿਆ ਤਾਂ ਰਣਜੀਤ ਸਿੰਘ ਨੂੰ ਜਾਪਿਆ ਕਿ ਆਖਰ ਬਿ੍ਰਟਿਸ਼ ਫੌਜਾਂ ਹਮੇਸ਼ਾਂ ਅਜਿੱਤ ਨਹੀਂ ਹਨ, ਉਨ੍ਹਾਂ ਨੂੰ ਵੀ ਖਦੇੜਿਆ ਜਾ ਸਕਦਾ ਹੈ।  ਇਸ ਪਿਛੋਂ ਵੀ 1824-26 ਦੌਰਾਨ ਬਰਮਾ ਦੇ ਜੰਗਲਾਂ ਵਿਚ ਬਿ੍ਰਟਿਸ਼ ਫੌਜਾਂ ਦਾ ਭਾਰੀ ਨੁਕਸਾਨ ਹੋਇਆ, ਜਿਵੇਂ ਕਿ ਪਹਿਲਾਂ ਨੇਪਾਲ ਦੀਆਂ ਪਹਾੜੀਆਂ ਵਿਚ ਹੋਇਆ ਸੀ।
ਪਰ ਰਣਜੀਤ ਸਿੰਘ ਨੇ ਆਪਣੇ ਸਾਰੇ ਜੀਵਨ ਵਿਚ ਕਦੇ ਵੀ ਇਸ ਸੱਚ ਨੂੰ ਅਣਡਿੱਠ ਨਹੀਂ ਕੀਤਾ ਕਿ ਵਸੀਲਿਆਂ ਤੇ ਨਫ਼ਰੀ ਦੇ ਅਧਾਰ ’ਤੇ ਅੰਗਰੇਜ਼ਾਂ ਦੀ ਕੋਈ ਬਰਾਬਰੀ ਨਹੀਂ ਸੀ।

ਬੇਸ਼ੱਕ ਆਹਮੋ-ਸਾਹਮਣੇ ਲੜਾਈ ਵਿਚ ਉਸਦੇ ਫੌਜੀ ਉਨੇ ਹੀ ਕਾਬਲ ਹੁੰਦੇ ਪਰ ਕੁਸ਼ਲ ਅਤੇ ਸਿਖਲਾਈ ਪ੍ਰਾਪਤ ਅੰਗਰੇਜ਼ਾਂ ਦੀ ਫੌਜ ਦਾ ਮੁਕਾਬਲਾ ਉਸਦੀ ਫੌਜ ਨਹੀਂ ਸੀ ਕਰ ਸਕਦੀ।

ਅੰਮ੍ਰਿਤਸਰ ਦੀ ਸੰਧੀ ਰਣਜੀਤ ਸਿੰਘ ਲਈ ਲਾਹੇਵੰਦ ਸਾਬਤ ਹੋਈ। ਇਸ ਨਾਲ ਉਸਨੇ ਪੂਰਬੀ ਸਰਹੱਦ ਨੂੰ ਸੁਰੱਖਿਅਤ ਕਰ ਲਿਆ ਸੀ। ਪੂਰਬੀ ਸਰਹੱਦ ਵਲੋਂ ਨਿਸ਼ਚਿੰਤ ਹੋ ਕੇ ਆਪਣੀ ਸਾਰੀ ਫੌਜ ਨੂੰ ਆਪਣੀਆਂ ਦੱਖਣੀ ਅਤੇ ਪੱਛਮੀ ਸਰਹੱਦਾਂ ’ਤੇ ਮੁਸਲਿਮ ਰਜਵਾੜਿਆਂ ਨੂੰ ਉਹ ਆਪਣੀ ਸਲਤਨਤ ਵਿਚ ਸ਼ਾਮਲ ਕਰਨ ਲਈ ਭੇਜ ਸਕਦਾ ਸੀ। ਨਤੀਜੇ ਵਜੋਂ ਮੁਲਤਾਨ, ਝੰਗ, ਕਸ਼ਮੀਰ, ਡੇਰਾ ਇਸਮਾਈਲ ਖਾਨ, ਡੇਰਾ ਗਾਜ਼ੀ ਖਾਂ, ਪਿਸ਼ਾਵਰ ਅਤੇ ਪੰਜਾਬ ਦੇ ਮੈਦਾਨੀ ਇਲਾਕੇ, ਇਕ ਪਾਸੇ ਲਾਹੌਰ ਤੋਂ ਖੈਬਰ ਦੱਰੇ ਤਕ ਤੇ ਦੂਜੇ ਪਾਸੇ ਲਾਹੌਰ ਤੋਂ ਸਿੰਧ ਦਰਿਆ ਤਕ ਸਾਰਾ ਇਲਾਕਾ ਉਸਨੇ ਜਿੱਤ ਲਿਆ।


Leave a Reply

Your email address will not be published. Required fields are marked *

0 Comments