Monday , 29 April 2024
Monday , 29 April 2024

ਸਿੱਖ ਧਰਮ ਵਿੱਚ ਸ਼ਹੀਦੀ ਦਾ ਇਤਿਹਾਸ ਅਤੇ ਮੌਜੂਦਾ ਸਮੇਂ ਵਿੱਚ ਸ਼ਹਾਦਤ ਦੇ ਨਾਮ ਤੇ ਆਪ ਹੁਦਰੀਆਂ

top-news
  • 29 Aug, 2023

ਪਰਮਿੰਦਰ ਸਿੰਘ ਬਲ

ਸ਼ਹਾਦਤ ਇੱਕ ਅਮੁੱਲੀ ਦਾਤ ਹੈ ਜੋ ਮਹਾਨ ਤਪੱਸਵੀ, ਇਨਸਾਫ਼, ਇਨਸਾਨੀ ਬਰਾਬਰਤਾ ਨੂੰ ਪਰਪਕ ਕਰਨ ਵਾਲੇ ਹੀ ਪ੍ਰਾਪਤ ਕਰਦੇ ਹਨ। ਸਿੱਖ ਧਰਮ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਖੁਦ ਸ਼ਹਾਦਤ ਦਿੱਤੀ। ਸੰਸਾਰ ਵਿੱਚ ਗੁਰੂ ਜੀ ਨੂੰ ਸ਼ਹੀਦਾਂ ਦਾ ਸਿਰਤਾਜ ਮੰਨਿਆ ਗਿਆ ਹੈ। ਤੱਤੀ ਤਵੀ ਤੇ ਆਸਣ, ਸਿਰ ਵਿੱਚ ਤੱਤੀ ਰੇਤ, ਤਪਦੀ ਗਰਮ ਰੁੱਤ ਦਾ ਮੌਸਮ ਸੀ। ਸਮੇਂ ਦੇ ਹਾਕਮਾਂ ਨੇ ਇਸ ਤਰਾਂ ਦੇ ਤਸੀਹੇ ਦੇਕੇ ਗੁਰੂ ਜੀ ਨੂੰ ਸ਼ਹੀਦ ਕੀਤਾ,ਇਸ ਦੇ ਬਾਵਜੂਦ ਵੀ, ਸਤਿਗੁਰਾਂ ਨੇ ਅਕਾਲ ਪੁਰਖ ਦੇ ਭਾਣੇ ਨੂੰ ਮੰਨਿਆ ਤੇ ਸ਼ੰਦੇਸ਼ ਦਿਤਾ ਕਿਤੇਰਾ ਭਾਣਾ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਂਗੇ 

ਸ਼ਹਾਦਤ ਦੀ ਇਸ ਸਿੱਖ ਪ੍ਰਕਿਰਿਆ ਵਿੱਚ ਜੋ ਕੁਰਬਾਨੀ ਕਰਨ ਦਾ ਰਸਤਾ ਮਿਲਿਆ, ਬੀਤੇ ਇਤਿਹਾਸ ਵਿੱਚ ਮਨੁੱਖਤਾ ਦੀ ਭਲਾਈ ਲਈ ਸਿੱਖਾਂ ਨੇ ਬੇਮਿਸਾਲ ਕੁਰਬਾਨੀਆਂ ਨੂੰ ਹੱਸ ਹੱਸ ਗਲੇ ਲਗਾਇਆ। ਇਸ ਸਮੇਂ ਲੰਮੇ ਸਮੇਂ ਤੋਂ ਮੁਗਲਾਂ ਦੀ ਰਾਜਸਤਾ ਅਧੀਨ ਹਿੰਦੁਸਤਾਨ ਦੀ ਜਨਤਾ ਗੁਲਾਮ ਸੀ। ਮੁਗਲਾਂ ਦੀ ਗ਼ੁਲਾਮੀ ਅਤੇ ਲਗਾਤਾਰ ਜ਼ੁਲਮਾਂ ਦਾ ਸਾਹਮਣਾ ਆਮ ਹਿੰਦੁਸਤਾਨੀ ਲੋਕਾਂ ਨੂੰ ਕਰਨਾ ਪੈਂਦਾ ਸੀ। ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਨੂੰ ਵੰਗਾਰ ਕੇ ਰੱਬ ਨੂੰ ਵੀ ਇਹ ਕਿਹਾ ਜਦ ਲੋਕਾਂ ਦੀ ਇੱਜ਼ਤ ਲੁੱਟੀ ਜਾਂਦੀ ਸੀਪਾਪ ਕੀ ਜੰਝ ਲੈ ਕਾਬਲੋ ਧਾਇਆ, ਜ਼ੋਰੀਂ ਮੰਗੇ ਦਾਨ” “ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮੁਗਲ ਬਾਦਸ਼ਾਹ ਜਹਾਂਗੀਰ ਦੇ ਸਮੇਂ ਹੋਈ। ਆਮ ਸਤਾਏ ਲੋਕ ਸਿਖ ਗੁਰੂਆਂ ਪਾਸ ਆਉਂਦੇ ਤੇ ਉਹਨਾਂ ਨੂ ਆਸਰਾ ਮਿਲਦਾ ਰਿਹਾ। ਕਸ਼ਮੀਰੀ ਪੰਡਤ ਨੌਵੇ ਪਾਤਸ਼ਾਹ ਕੋਲ ਫ਼ਰਿਆਦ ਲੈਕੇ ਆਏ ਤਾਂ ਔਰੰਗਜੇਬ ਦੇ ਹੁਕਮ ਨਾਲ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ। ਚਾਂਦਨੀ ਚੌਕ ਦਿੱਲੀ ਵਿੱਚ ਉਸੇ ਸਮੇਂ ਗੁਰੂ ਜੀ ਦੇ ਅਨਿਨ ਭਗਤ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ। ਲੋਕ ਗੁਰੂ ਘਰ ਨੂੰ ਹੀ ਆਸਰਾ ਮੰਨ ਕੇ ਇਸੇ ਤਰਾਂ ਸਿੱਖੀ ਨਾਲ ਜੁੜਦੇ ਰਹੇ। 

ਗੁਰੂ ਇਤਿਹਾਸ ਸਮੇਂ ਜ਼ੁਲਮਾਂ ਦਾ ਟਾਕਰਾਂ ਕਰਦਿਆਂ ਬੇਗਿਣਤ ਸ਼ਹਾਦਤਾਂ ਤੇ ਜੰਗਾਂ ਦਾ ਦੌਰ ਚੱਲਿਆ। ਸਿੱਖਾਂ ਦੀਆਂ ਸ਼ਹਾਦਤਾਂ ਦੇ ਨਾਲ ਗੁਰੂ ਪਰਿਵਾਰ ਤੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਚਾਰ ਸਪੁੱਤਰ ਔਰੰਹਜੇਬ ਦੇ ਰਾਜ ਅਧੀਨ ਸ਼ਹੀਦ ਕੀਤੇ ਗਏ। ਗੁਰੂ ਗੋਬਿੰਦ ਸਿੰਘ ਜੀ ਦੇ 1708 ਵਿੱਚ ਜੋਤੀ ਜੋਤ ਸਮਾਉਣ ਉਪਰੰਤ ਸਿੱਖੀ ਵਿੱਚ ਸ਼ਾਮਲ ਲੋਕ ਜੋ 1699 ਦੀ ਵਿਸਾਖੀ ਤੇ ਖ਼ਾਲਸੇ ਦਾ ਰੂਪ ਧਾਰਨ ਕਰ ਚੁੱਕੇ ਸਨ, ਸ਼ਕਤੀ ਸ਼ਾਲੀ ਖਾਲਸਈ ਦਸਤਿਆਂ ਤੇ ਮਿਸਲਾਂ ਦਾ ਰੂਪ ਧਾਰਨ ਕੀਤਾ। ਇਹ ਸਾਰੇ ਸੰਗਰਾਮ ਦਾ ਜੋੜ, ਸਿਖਾਂ ਵੱਲੋਂ ਜ਼ੁਲਮ ਦਾ ਟਾਕਰਾ ਕਰਨਾ ਅੰਤ ਸ਼ਹੀਦ ਹੋਣਾ, ਲੋਕ ਹਿਤਾਂ ਲਈ ਖੜਨਾ ਤੇ ਜੂਝਣਾ ਹੀ ਸੀ। ਮੌਤ ਤੋਂ ਬਿਲਕੁਲ ਨਾ ਡਰਨ ਵਾਲੇ ਇਹ ਲੋਕ ਉੱਚੇ ਸੁੱਚੇ ਆਚਰਨ ਵਾਲੇ ਬੇਮਿਸਾਲ ਜੋਧੇ ਸਨ। 

ਵੱਡੇ ਘੱਲੂਘਾਰੇ ਵਿੱਚ ਅਬਦਾਲੀ ਨਾਲ ਜੰਗ ਵਿਚ ਇਕ ਦਿਨ ਵਿਚ ਪੰਜਾਹ ਹਜ਼ਾਰ ਸਿੱਖ ਸ਼ਹੀਦ ਹੋਏ। ਉਹਨਾਂ ਦੀ ਸ਼ਰਧਾ ਅਰਸ਼ਾਂ ਛੋਹਦੀ ਸੀ ਕਿ ਸ਼ਾਮ ਨੂੰ ਅਰਦਾਸ ਸਮੇਂ ਸਿਰਫ਼ ਗੁਰੂ ਦੀ ਓਟ ਤੇ ਭਾਣੇ ਨੂੰ ਹੀ ਮਿੱਠਾ ਮੰਨਿਆ। ਜਬ ਆਬ ਕੀ ਆਉਧ ਨਿਧਾਨ ਬਣੇ, ਅੱਤ ਹੀ ਰਣ ਮੇ ਤਬ ਜੂਝ ਮਰੋਂਅਗਲੇ ਦਿਨ ਫਿਰ ਤੋਂ ਜੂਝਣ ਲਈ ਗੁਰੂ ਅੱਗੇ ਅਰਦਾਸ ਕੀਤੀ। ਜੰਗ ਜਿੱਤੀ ਤਾਂ ਇਸੇ ਤਰਾਂ ਸਤਾਏ ਹੋਰ ਲੋਕ ਜੁੜਦੇ ਗਏ, ਸ਼ਹਾਦਤਾਂ ਦੇ ਕਾਫ਼ਲੇ ਲੰਮੇਰੇ ਹੁੰਦੇ ਗਏ। 

ਮਿਸਲਾਂ ਤੋਂ ਬਾਅਦ ਪੰਜਾਬ ਵਿੱਚ ਖ਼ਾਲਸੇ ਦਾ ਰਾਜ ਸਥਾਪਤ ਕਰਕੇ ਮੁਗਲਾਂ ਦੇ ਜ਼ੁਲਮ ਦੀ ਜੜ ਖਤਮ ਕਰ ਦਿੱਤੀ। ਇਹ ਇਕਤਰ ਹੋਏ ਸਿਖਾਂ ਨੇ ਹਮੇਸ਼ਾਂ ਸ਼ਹਾਦਤਾਂ ਵਿੱਚੋਂ ਜ਼ਿੰਦਗੀ ਪਾਈ ਅਤੇ ਕਾਫ਼ਲਿਆਂ ਵਿੱਚ ਵਾਧਾ ਕੀਤਾ। ਲਾਹੌਰ ਵਿੱਚ ਮੀਰ ਮੰਨੂੰ ਦੇ ਜ਼ੁਲਮ ਸਮੇਂ ਜਦੋਂ ਸਿੱਖਾਂ ਦੇ ਬੱਚਿਆਂ ਨੂੰ ਜਾਲਮਾਂ ਨੇ ਨੇਜ਼ਿਆਂ ਤੇ ਟੰਗ ਕੇ ਉਹਨਾਂ ਦੀਆਂ ਸਿੱਖ ਮਾਤਾਵਾਂ ਦੀਆਂ ਝੋਲੀਆਂ ਵਿੱਚ ਟੋਟੇ ਕਰਕੇ ਪਾਏ ਤਦ ਵੀ ਸਿੱਖਾਂ ਨੇ ਭਾਣੇ ਵਿੱਚ ਰਹਿ ਕੇ ਇਹੀ ਕਿਹਾ ਕਿਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵਡਦਾ, ਅਸੀ ਦੂਣੇ ਚੌਣੇ ਹੋਏ ਸਿੱਖਾਂ ਦੇ ਅਜਿਹੇ ਮਾਨਵਤਾ ਭਰੇ ਮਾਣ ਮਤੇ ਦਾ ਇਤਿਹਾਸ ਅਥਾਹ ਜਨਤਕ ਪਿਆਰ, ਸ਼ਰਧਾ,ਲਗਨ, ਸੰਤੋਖ, ਸਬਰ ਦਾ ਹਮੇਸ਼ਾ ਸਿਖਰ ਰਿਹਾ ਹੈ। ਇਸ ਬੀਤੇ ਸ਼ਹਾਦਤ ਦੇ ਇਤਿਹਾਸ ਅਤੇ ਮੌਜੂਦਾ ੳਨਵੀ, ਵੀਹਵੀਂ ਸਦੀ ਦੇ 1984 ਦੇ ਘੱਲੂਘਾਰੇ ਤੱਕ ਤੇ ਉਸ ਉਪਰੰਤ ਦੀਆਂ ਸ਼ਹਾਦਤਾਂ ਨੇ ਸਮੁੱਚੇ ਸਿਖ ਸਿਧਾਂਤ ਨੂੰ ਹਮੇਸ਼ਾ ਉਚਾ ਰੱਖਿਆ ਹੈ।

ਪਰ ਜੋ ਕੁਝ ਸ਼ੋਸ਼ੇ ਬਾਜ਼ ਤੇ ਤਜਾਰਤੀ ਕਥਿਤ ਇਤਿਹਾਸਕਾਰਾਂ ਨੇ ਸਿਖ ਸ਼ਹਾਦਤਾਂ ਨੂੰ ਇੱਕ ਦੁਰਵਰਤੋਂ ਦੇ ਰੂਪ ਵਿੱਚ ਪੇਸ਼ ਕਰਨਾ ਸ਼ੁਰੂ ਕੀਤਾ ਹੈ, ਇਹ ਇੱਕ ਬੇਹੱਦ ਬੇਲੋੜਾ ਤੇ ਸਿਖ ਇਤਿਹਾਸ ਇਸ ਸ਼ਹਾਦਤਾਂ ਦੇ ਪੱਖ ਨਾਲ ਧੋਖਾ ਹੈ। ਜੋ ਵੀ ਅਜਿਹਾ ਕਰ ਰਹੇ ਹਨ ਉਹ ਸਿਖ ਵਿਰਾਸਤ ਨੂੰ ਪਿੱਠ ਦੇ ਕੇ ਅਜਿਹਾ ਕਰ ਰਹੇ ਹਨ। ਸਿੱਖ ਕੌਮ ਹਮੇਸ਼ਾ ਕੁਰਬਾਨੀਆਂ ਦੇ ਸੰਦਰਭ ਵਿੱਚੋਂ ਹੀ ਵਧਦੀ ਫੁੱਲਦੀ ਆਈ ਹੈ। ਪਰ ਅਜਕਲ ਕੋਈ ਭੀ ਐਰਾ ਗੈਰਾ ਨਥੂਖੈਰਾ ਕਿਸੇ ਦੂਰ ਦੀ ਨੁੱਕਰੋਂ ਕੇ ਸਿੱਖਾਂ ਨੂੰ ਹੀ ਅਗਾਹ ਕਰਦਾ ਹੈ ਕਿ ਤੁਸੀਂ ਕੁਰਬਾਨੀਆਂ ਦੇ ਕੇ ਕੀ ਪ੍ਰਾਪਤ ਕੀਤਾ? ਜਾਂ ਫਿਰ ਸਿੱਖਾਂ ਵਿੱਚੋਂ ਆਪਸੀ ਸ਼ਰੀਕਾ ਵਿਰੋਧ/ਹੱਕ ਵਜੋਂ ਉਹਨਾਂ ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਦਾ ਪ੍ਰਸ਼ਨ ਕਰਦੇ ਹਨ, ਜਿਸਦਾ ਨਾ ਤਾਂ ਕੋਈ ਉਹਨਾਂ ਦੀ ਨੇੜਤਾ ਨਾ ਹੀ ਸਬੰਧ ਹੁੰਦਾ ਹੈ।

ਦੀਪ ਸਿਧੂ, ਮੁੰਬਈ ਦੀ ਫ਼ਿਲਮ ਇੰਡਸਟਰੀ ਵਿੱਚੋਂ ਕੁਝ ਦਿਨ ਕਿਸਾਨ ਮੋਰਚੇ ਵਿੱਚ ਉਤਰਿਆ, ਸਿਖਾਂ ਨੂੰ ਕੁਝ ਜਜ਼ਬਾਤੀ ਗੱਲਾਂ ਸੁਣਾ ਕੇ ਹਮਦਰਦ ਬਣਿਆ। ਕੁਝ ਦਿਨ ਬਾਅਦ ਆਪਣੀ ਫਿਲਮੀ ਦੋਸਤ/ਮੰਗੇਤਰ ਬੀਬੀ ਰੀਨਾ ਰਾਏ ਨਾਲ ਕਾਰ ਵਿੱਚ ਆਉਦੇਆਂ ਐਕਸੀਡੈਟ ਵਿੱਚ ਜਾਨ ਖੋ ਬੈਠਾ। ਚੰਗਾ ਪੰਜਾਬੀ ,ਸਿੱਖ ਐਕਟਰ ਸੀ, ਹਾਦਸੇ ਦਾ ਬਹੁਤ ਦੁੱਖ ਹੈ। ਪਰ ਉਪਰੋਕਤ ਦੱਸੇ ਅਨੁਸਾਰ ਤਜਾਰਤੀ ਸਿਖ ਚੇਹਰਿਆਂ ਨੇ ਉਸ ਨੂੰ ਸ਼ਹੀਦ ਕਰਾਰ ਕਹਿਣਾ ਸ਼ੁਰੂ ਕਰ ਦਿੱਤਾ, ਸ਼ਹੀਦੀ ਦਿਵਾਨ ਸਜਾਏ, ਰਜ ਕੇ ਗੁਮਰਾਹ ਕੀਤਾ। ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ, ਐਮ ਪੀ ਸਿਮਰਨਜੀਤ ਸਿੰਘ ਮਾਨ ਨੇ ਕੋਰਾ ਪਹਾੜ ਜਿੱਡਾ ਝੂਠ ਬੋਲਿਆ ਦੀਪ ਸਿਧੂ ਦੀ ਮੌਤ ਦੇ ਬਾਰੇ। 

ਇਹ ਸਭ ਕੁਝ ਸਿੱਖ ਕੌਮ ਦੇ ਸ਼ਹੀਦਾਂ ਦੇ ਇਤਿਹਾਸ ਦੇ ਵਿਰੁੱਧ ਹੋ ਰਿਹਾ ਹੈ। ਜਥੇਦਾਰ ਅਰੂੜ ਸਿੰਘ ਦੇ ਖ਼ਾਨਦਾਨ ਵਰਗੇ ਪੰਥ ਵਿਰੋਧੀ ਲੋਕ ਹਨ। ਇਸੇ ਜਥੇਦਾਰ ਨੇ ਕਲਕੱਤੇ ਬਜਬਜ ਘਾਟ ਦੇ ਸਾਕੇ ਵਿਚ ਅੰਗਰੇਜ਼ ਵੱਲੋਂ ਮਾਰੇ ਗਏ ਪੰਜਾਬੀਆਂ, ਸਿਖਾਂ ਬਾਰੇ ਅੰਗਰੇਜ ਸਾਮਰਾਜ ਵੱਲੋਂ ਕਿਹਾ ਹੁਕਮਨਾਮਾ ਜਾਰੀ ਕੀਤਾ ਸੀ ਕਿਕਲਕੱਤੇ, ਬਜਬਜ ਘਾਟ ਵਿਖੇ ਜੋ ਸਿੱਖ, ਪੰਜਾਬੀ, ਬਰਿਟਿਸ਼ ਸਰਕਾਰ ਦੁਆਰਾ ਗੋਲੀਆਂ ਨਾਲ ਮਾਰੇ ਗਏ, ਉਹ ਨਾ ਹੀ ਸਿੱਖ ਸਨ, ਨਾ ਹੀ ਉਹ ਪੰਜਾਬੀ ਸਨ।” (ਜਾਣਕਾਰੀ ਲਈ -“ਅਕਾਲੀ ਮੋਰਚੇ ਤੇ ਝਬਰ ਕਿਤਾਬ ਵਿਚੋ) ਜਦ ਦੁਬਈ ਤੋ ਆਪਣੇ ਆਪ ਨੂੰ ਕਲਗੀਧਰ ਦਾ ਬਾਜ਼ ਦੱਸ ਕੇ ਅੰਮਿਰਤਪਾਲ ਆਇਆ ਤਦ ਵੀ ਉਸ ਦੀ ਕਹਾਣੀ ਸ਼ਹੀਦੀਆਂ ਦੀ ਨਕਲ, ਭਿੰਡਰਾਂਵਾਲੇ ਦੀ ਨਕਲ, ਗੁਮਰਾਹ ਕਰਨ ਦੀ ਚਾਲ ਸੀ

ਪੰਜਾਬ ਦੇ ਇਕ ਚਿੰਤਤ ਲਿਖਾਰੀ ਸਰਦਾਰ ਮਾਲਵਿੰਦਰ ਸਿੰਘ ਮਾਲੀ ਨੇ ਅੰਮਿਰਤਪਾਲ ਨੂੰ ਸਾਫ ਸਪਸ਼ਟ ਲਿਖ ਦਿੱਤਾ ਸੀ ਕਿਤੂੰ ਕੱਪੜੇ ਪਹਿਰਾਵੇ ਦੀ ਨਕਲ ਤਾਂ ਕਰ ਲਈ ਪਰ, ਉਸ ਤਪਸਵੀ (ਭਿੰਡਰਾਂਵਾਲੇ) ਦੀ ਤਪਸਿਆ ਕਿੱਥੋਂ ਪ੍ਰਾਪਤ ਕਰੇਗਾਪਰ ਇਹਨਾਂ ਢੌਗੀਆਂ ਨੇ ਉਸ ਨੂੰ ਵੀ ਨੀਵਾਂ ਕਰਨ ਲਈ ਨਵਾਂ ਪਾਖੰਡ ਰਚਿਆ।ਰੋਡੇਪਿੰਡ ਭਿੰਡਰਾਂਵਾਲੇ ਜੀ ਦੇ ਜਨਮ ਅਸਥਾਨ ਗੁਰਦੁਆਰੇ ਵਿਖੇ ਇਕੱਠ ਕਰਕੇ ਅੰਮਿਰਤਪਾਲ ਦੀ ਅਖੌਤੀ ਦਸਤਾਰਬੰਦੀ ਦਾ ਢੌਂਗ ਰਚਿਆ। ਉਸ ਨੇ ਮੌਕਾ ਤਾੜ ਕੇ ਸਟੇਜ ਤੋਂਦੀਪ ਸਿਧੂਨੂ ਕੌਮੀ ਸ਼ਹੀਦ ਐਲਾਨਿਆ। ਉੱਥੇ ਬੈਠੇ ਆਗੂ, ਪੰਥਕ ਸੱਜਣਾਂ ਨੇ ਉੱਥੇ ਇਹ ਸਬ ਕਿਵੇਂ ਸੁਣ ਲਿਆ? ਮੈਂ ਇਸ ਅਖੌਤੀ ਐਲਾਨ ਨੂੰ ਸਿੱਖ ਇਤਿਹਾਸ ਤੇ ਕੋਝਾ ਵਾਰ ਗਿਣਦਾ ਹਾਂ, ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ! ਕੀ ਸਿੱਖਾਂ ਦੇ ਇਤਿਹਾਸ ਤੱਤੀ ਤਵੀ, ਚਾਂਦਨੀ ਚੌਕ,ਉਬਲਦੀਆਂ ਦੇਗਾਂ,ਸੀਸ ਤੇ ਚੱਲੇ ਆਰੇ,ਸਰਹੰਦ ਦੀਆਂ ਕੰਧਾਂ,ਚਮਕੌਰ ਦੀ ਗੜੀ,ਬੰਦ-ਬੰਦ ਕਟਾਉਣੇ, ਸੀਸ ਤਲੀ ਤੇ ਰੱਖ, ਘਲੂਘਾਰਿਆਂ ਦੀਆਂ ਸ਼ਹਾਦਤਾਂ ਉੱਪਰ ਅਜਿਹਾ ਝੂਠ ਕਿਓ ਠੋਸਿਆ ਤੇ ਸੁਣਿਆ ਜਾ ਰਿਹਾ ਹੈ? ਇਹ ਸਿੱਖ ਪੰਥ ਦੇ ਵਿਰੋਧੀਆਂ ਦੀ ਸਿਰਫ ਸਾਜ਼ਿਸ਼ ਹੀ ਨਹੀਂ ਇਹ ਇਹਨਾਂਦਾ ਕੋਝਾ ਸ਼ਰੀਕਪੁਣਾ ਅਤੇ ਸ਼ਹੀਦੀ ਦੇ ਨਾਮ ਦੀ ਦੁਰਵਰਤੋਂ ਹੈ। 

ਇਹ ਲੋਕ ਲਾਸ਼ਾਂ ਦੇ ਵਪਾਰੀ ਅਤੇ ਸਿਖ ਰੂਪ ਵਿਚ ਡੋਗਰਾਗਰਦੀ ਕਰ ਰਹੇ ਹਨ, ਵਿਸ਼ਵਾਸ ਘਾਤ ਕਰ ਰਹੇ ਹਨ। ਕਾਂਗਰਸ ਸਰਕਾਰਾਂ ਦੇ ਸਮਿਆਂ ਵਿੱਚ ਜੋ ਸਿਖ ਕੌਮ ਦਾ ਘਾਣ ਕੀਤਾ ਗਿਆ, ਸਮੁੱਚੀ ਕੌਮ ਉਹਨਾਂ ਦੁਖਾਂ, ਸ਼ਹਾਦਤਾਂ ਨੂੰ ਤੇ ਗੁਰ ਇਤਿਹਾਸ, ਸਿੱਖ ਇਤਿਹਾਸ ਦੇ ਘਲੂਘਾਰਿਆਂ ਦੇ ਸਮਿਆਂ ਨੂੰ ਇੱਕਸਾਰਤਾ ਰੂਪ ਵਿਚ ਸ਼ਰਧਾ, ਸੰਤੋਖ ਤੇ ਭਾਣੇ ਵਿਚ ਯਾਦ ਕਰਦੀ ਹੈ ਅਸੀ ਕਦੀ ਵੀ ਕਿਸੇ ਲਾਸ਼ ਦੇ ਵਪਾਰੀ ਨੂੰ ਆਪਣੀ ਸ਼ਹੀਦੀ ਵਿਰਾਸਤ ਨਾਲ ਮਿਲਗੋਬਾ ਨਹੀਂ ਕਰਨ ਦੇਵਾਗੇ ਅਸੀ ਕਿਧਰੇ ਵੀ ਅਜਿਹੀ ਖਿਲਵਾੜ ਨਹੀ ਹੋਣ ਦੇਣੀ ਜੋ ਸਾਡੇ ਇਤਿਹਾਸ ਦੀ ਦੁਰਵਰਤੋਂ ਕਰੇ। ਸਾਮਰਾਜਾਂ ਦੇ ਬੀਜੇ ਕੰਢੇ ਜੋ ਕੱਲ ਤੱਕ ਅਰੂੜ ਸਿੰਘ ਦੇ ਰੂਪ ਵਿਚ ਸਨ, ਅੱਜ ਅਖੌਤੀ ਆਗੂ ਐਮ ਪੀ ਤੇ ਨਕਲੀ ਬਾਜ਼ ਹਨ। ਸਿੱਖੀ ਸਿਦਕ ਹੈ, ਗੁਰੂ ਦਾ ਅਸ਼ੀਰਵਾਦ, ਗੁਰੂ ਦਾ ਹੀ ਸਹਾਰਾ ਹੈ, ਸ਼ਹਾਦਤ ਵੀ ਜਿਸ ਸੂਰਮੇ ਦੇ ਪੱਲੇ ਪੈਂਦੀ ਹੈ, ਗੁਰੂ ਦੀ ਕਿਰਪਾ ਕਰਕੇ ਹੀ ਹੈ

ਲੇਖਕ ਸਿੱਖ ਫੈਡਰੇਸ਼ਨ, ਯੂ ਕੇ ਦੇ ਪ੍ਰਧਾਨ ਹਨ| ਪ੍ਰਗਟਾਵੇ ਵਿਚਾਰ ਓਹਨਾ ਦੇ ਨਿਜੀ ਹਨ|


Leave a Reply

Your email address will not be published. Required fields are marked *

0 Comments