Tuesday , 21 May 2024
Tuesday , 21 May 2024

ਸਿੱਖ ਧਰਮ ਵਿੱਚ ਸਿੰਘ ਸਭਾ ਲਹਿਰਾਂ ਦੀ ਭੂਮਿਕਾ

top-news
  • 16 Aug, 2023

ਤਰਲੋਚਨ ਸਿੰਘ ਭੱਟੀ

ਸਿੱਖ ਧਰਮ ਦੁਨੀਆਂ ਦਾ ਸਭ ਤੋਂ ਨਵਾਂ ਅਤੇ ਵਿਲੱਖਣ ਧਰਮ ਹੈ ਜਿਸ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਚਕੇ ਅਤੇ ਦੇਸ਼ ਵਿਦੇਸ਼ ਯਾਤਰਾਵਾਂ ਕਰਕੇ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਸਰਬੱਤ ਦਾ ਭਲਾ ਕਰਨ ਦਾ ਉਪਦੇਸ਼ ਨਾਲ ਕੀਤੀ। ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨ ਅਤੇ ਹੋਰ ਸਮਕਾਲੀ ਭਗਤਾਂ ਦੀ ਬਾਣੀ ਨੂੰ ਇੱਕਤਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਜਿਸ ਨਾਲ ਸਿੱਖ ਧਰਮ ਨੂੰ ਮਜਬੂਤੀ ਮਿਲੀ। ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ ਰਾਹੀਂ ਖਾਲਸਾ ਦੀ ਸਾਜਨਾ ਕਰਕੇ ਸਿੱਖ ਧਰਮ ਨੂੰ ਇਕ ਵਿਲੱਖਣ ਪਹਿਚਾਣ ਦਿਤੀ, ਸਿੱਖਾਂ ਨੂੰ ਸਿੰਘ ਸਜਾਇਆ, ਪੰਜ ਕਕਾਰਾ ਦੀ ਰਹਿਤ ਮਰਿਆਦਾ ਸਥਾਪਤ ਕਰਦੇ ਹੋਏ ਉਨ੍ਹਾਂ ਦੇ ਨਾਵਾਂ ਨਾਲਸਿੰਘਅਤੇਕੌਰਦਾ ਖਿਤਾਬ ਬਖਸ਼ਿਆ ਜਿਸ ਕਾਰਨ ਸਿੱਖਾਂ ਨੂੰ ਆਲਮੀ ਪੱਧਰ ਤੇ ਇੱਕ ਵੱਖਰੇ ਧਰਮ ਅਤੇ ਫਲਸਫੇ ਦੀ ਪਹਿਚਾਣ ਮਿਲੀ। ਹਰ ਤਰ੍ਹਾਂ ਦੇ ਜੁਲਮ ਅਤੇ ਬੇਇਨਸਾਫ਼ੀ ਦੇ ਖਿਲਾਫ ਲੜਨ, ਕੁਰਬਾਨੀ ਦੇਣ, ਮਜਲੂਮਾਂ ਦੀ ਰੱਖਿਆ ਕਰਨ ਲਈ ਹਥਿਆਰਬੰਦ ਜਦੋ ਜਹਿਦ ਨੂੰ ਕੀਤੀ।

ਮਹਾਰਾਜਾ ਰਣਜੀਤ ਸਿੰਘ ਨੇ ਸਰਕਾਰ--ਖਾਲਸਾ ਦੀ ਸਥਾਪਨਾ ਕੀਤੀ ਜਿਸਨੇ ਸਿੱਖ ਧਰਮ ਅਤੇ ਇਸਦੇ ਪੈਰੋਕਾਰਾਂ ਨੂੰ ਬੁਲੰਦੀਆਂ ਉਤੇ ਪਹੁੰਚਾਇਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਸਿੱਖ ਧਰਮ ਦੀ ਰਹਿਬਰੀ ਕਰਨ ਵਾਲਾ ਕੋਈ ਨਾ ਰਿਹਾ, ਜਿਸ ਕਾਰਨ ਸਿੱਖ ਧਰਮ ਦੇ ਪੈਰੋਕਾਰਾਂ ਦੇ ਬੁਲੰਦ ਹੋਂਸਲਿਆਂ ਨੂੰ ਢਾਹ ਲੱਗਣੀ ਸ਼ੁਰੂ ਹੋਈ। ਮਹਾਰਾਜਾ ਰਣਜੀਤ ਸਿੰਘ ਵਲੋਂ ਸਥਾਪਤ ਕੀਤੇ ਗਏ ਸਰਕਾਰ--ਖਾਲਸਾ ਸਾਮਰਾਜ ਨੂੰ ਅੰਗਰੇਜ਼ਾਂ ਨੇ 1849 ਵਿੱਚ ਦੂਜੀ ਐਂਗਲੋ-ਸਿੱਖ ਜੰਗ ਵਿੱਚ ਸਿੱਖ ਫੌਜਾਂ ਦੀ ਹਾਰ ਤੋਂ ਬਾਹਰ ਆਪਣੇ ਸਾਮਰਾਜ ਵਿੱਚ ਮਿਲਾ ਲਿਆ ਜਿਸ ਨਾਲ ਸਿੱਖਾਂ ਦੇ ਬੁਲੰਦ ਹੌਂਸਲੇ ਪਸਤ ਹੋਣ ਲੱਗੇ।

ਪੰਜਾਬ ਤੋਂ ਬਾਹਰ ਵੱਖ ਵੱਖ ਧਰਮਾਂ ਵਲੋਂ ਚਲ ਰਹੀਆਂ ਆਪਣੇ ਧਰਮ ਪ੍ਰਚਾਰ ਅਤੇ ਪ੍ਰਸਾਰ ਲਹਿਰਾਂ ਆਰੀਆ ਸਮਾਜ, ਬ੍ਰਹਮੋ ਸਮਾਜ, ਅਲੀਗੜ੍ਹ, ਅਹਿਮਦੀਆ, ਅਜ਼ੁਮਨ-ਇਸਲਾਮੀਆਂ ਅਤੇ ਇਸਾਈਆ ਮਿਸ਼ਨਰੀਆਂ ਨੇ ਸਿੱਖਾਂ ਨੂੰ ਆਪਣਾ ਧਰਮ ਬਦਲਣ ਲਈ ਪ੍ਰੇਰਿਤ ਕੀਤਾ।  ਸਿੱਖ ਬੁੱਧੀਜੀਵੀਆਂ ਨੂੰ ਲੱਗਾ ਕਿ ਦੂਜੇ ਧਰਮਾਂ ਦੀਆਂ ਐਸੀਆਂ ਧਾਰਮਿਕ ਅਤੇ ਸਮਾਜਿਕ ਲਹਿਰਾਂ ਸਿੱਖ ਧਰਮ ਅਤੇ ਉਸਦੇ ਫਲਸਫੇ ਨੂੰ ਨੁਕਸਾਨ ਪਹੁੰਚਾਉਣਗੀਆ ਲਿਹਾਜਾ ਐਸੀਆ ਲਹਿਰਾਂ ਦੇ ਪ੍ਰਤੀਕਰਮ ਵਲੋਂ 1870 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਸਿੰਘ ਸਭਾ ਦੀ ਸਥਾਪਨਾ ਕੀਤੀ ਗਈ ਜਿਸ ਨੇ ਇਕ ਲਹਿਰ ਚਲਾਉਣ ਦੇ ਉਦੇਸ਼ ਨਾਲ ਸੱਚੇ ਸਿੱਖ ਧਰਮ ਦਾ ਪ੍ਰਚਾਰ ਕਰਨਾ, ਸਿੱਖ ਧਰਮ ਨੂੰ ਉਸਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨਾ, ਸਿੱਖਾਂ ਦੀਆਂ ਇਤਹਾਸਕ ਅਤੇ ਧਾਰਮਿਕ ਪੁਸਤਕਾਂ ਨੂੰ ਲਿੱਖਣ ਅਤੇ ਵੰਡਣ, ਰਸਾਲਿਆਂ ਅਤੇ ਮੀਡੀਆ ਰਾਹੀਂ ਗੁਰਮੁੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਸਿੰਘ ਸਭਾ ਲਹਿਰ ਰਾਹੀਂ ਉਸਦੇ ਸੰਸਥਾਪਕਾਂ ਨੇ ਇਹ ਵੀ ਜਤਨ ਆਰੰਭੇ ਕਿ ਸਿੱਖ ਧਰਮ ਵਿੱਚ ਲੋੜੀਂਦੇ ਸੁਧਾਰ ਲ਼ਿਆਂਦੇ ਜਾਣ ਅਤੇ ਸਿੱਖ ਧਰਮ ਤਿਆਗ ਚੁੱਕੇ ਲੋਕਾਂ ਨੂੰ ਸਿੱਖੀ ਵਿੱਚ ਵਾਪਸ ਲ਼ਿਆਉਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਸਿੱਖ ਭਾਈਚਾਰੇ ਨੂੰ ਅੱਗੇ ਵਧਾਉਣ ਲਈ ਪ੍ਰਭਾਵਸ਼ਾਲੀ ਬ੍ਰਿਟਿਸ਼ ਅਧਿਕਾਰੀਆਂ ਨਾਲ ਆਪਣੀ ਨੇੜਤਾ ਵਧਾਈ।

ਇਸ ਲਹਿਰ ਦੀ ਸਥਾਪਨਾ ਉਦੋ ਹੋਈ ਜਦੋ ਸਿੱਖ ਸਾਮਰਾਜ ਨੂੰ ਭੰਗ ਕਰਕੇ ਅੰਗਰੇਜ਼ੀ ਰਾਜ ਵਿੱਚ ਮਿਲਾਇਆ ਗਿਆ। ਖਾਲਸਾ ਨੇ ਆਪਣਾ ਮਾਣ ਸਤਿਕਾਰ ਗਵਾ ਲਿਆ ਅਤੇ ਮੁੱਖ ਧਾਰਾ ਦੇ ਸਿੱਖ ਤੇਜ਼ੀ ਨਾਲ ਦੂਜੇ ਧਰਮਾਂ ਵਿੱਚ ਤਬਦੀਲ ਹੋਣ ਲੱਗੇ। ਗੁਰਦਵਾਰਿਆਂ ਦਾ ਪ੍ਰਬੰਧ ਅੰਗਰੇਜ਼ੀ ਹਾਕਮਾਂ ਨੇ ਮੰਹਤਾਂ ਦੇ ਹਵਾਲੇ ਕਰ ਦਿੱਤਾ ਅਤੇ ਸਿੱਖ ਗੁਰਧਾਮਾਂ ਵਿੱਚ ਮੁਰਤੀ ਪੂਜਾ ਸ਼ੁਰੂ ਕਰਵਾ ਦਿੱਤੀ, ਅੰਗਰੇਜ਼ਾਂ ਦੀ ਹਮਾਇਤ ਵਾਲੇ ਮੰਹਤਾਂ ਦੇ ਪ੍ਰਬੰਧ ਹੇਠ ਸਿੱਖ ਸੰਸਥਾਵਾਂ ਹੋਰ ਵਿਗੜ ਗਈਆ ਅਤੇ ਗੁਰਦਵਾਰਿਆਂ ਵਿੱਚ ਸਮਾਜਿਕ ਅਣਚਾਹੇ ਅਨਸਰਾਂ ਨੂੰ ਪਨਾਅ ਮਿਲਣ ਲੱਗੀ, ਗੁਰਦਵਾਰਿਆਂ ਵਿੱਚ ਲੈਂਗਿਕ ਅਤੇ ਜਾਤੀ ਵਿਤਕਰਾ ਵੱਧਣ ਲੱਗਾ, ਗੈਰ ਸਿੱਖ ਪੰਡਤਾਂ ਅਤੇ ਜੋਤਸ਼ੀਆਂ ਦੀ ਗੁਰਦੁਆਰਿਆਂ ਵਿੱਚ ਦਾਖਲਾ ਵੱਧਣ ਲੱਗਾ ਅਤੇ ਗੁਰਆਰਿਆਂ ਵਿੱਚ ਦਾਨ ਅਤੇ ਭੇਟਾ ਨਿੱਜੀ ਹੱਥਾਂ ਵਿੱਚ ਜਾਣ ਲਗਾ।

ਐਸੀਆਂ ਕੁਰੀਤੀਆਂ ਦੇ ਖਿਲਾਫ ਪਹਿਲੀ ਸਿੰਘ ਸਭਾ ਦੀ ਸਥਾਪਨਾ 1873 ਵਿੱਚ ਹੋਈ ਜਿਸਨੂੰ ਅੰਮ੍ਰਿਤਸਰ ਸਿੰਘ ਸਭਾ ਦਾ ਨਾਮ ਦਿਤਾ ਗਿਆ। ਇਸ ਦੀ ਸਥਾਪਨਾ ਵਿੱਚ ਖੱਤਰੀ ਸਨਾਤਨ ਸਿੱਖਾਂ, ਗਿਆਨੀਆਂ ਅਤੇ ਮੁੱਖੀਆ ਦੇ ਇਕ ਧੜੇ ਦੁਆਰਾ ਕੀਤੀ ਗਈ ਜਿੰਨ੍ਹਾਂ ਦੇ ਵੱਡੇ-ਵਡੇਰੇ ਸਿੱਖ ਗੁਰੂਆਂ ਦੇ ਸਿੱਧੇ ਵੰਸ਼ਜ ਸਨ। ਤੱਤ ਖਾਲਸਾ ਵਲੋਂ ਲਾਹੌਰ ਵਿੱਚ 1880 ਦੇ ਦਹਾਕੇ ਦੌਰਾਨ ਲਾਹੋਰ ਸਿੰਘ ਸਭਾ ਦੀ ਸਥਾਪਨਾ ਕੀਤੀ ਗਈ। ਹੌਲੀ-ਹੌਲੀ ਪੰਜਾਬ ਭਰ ਵਿੱਚ ਹਰ ਕਸਬੇ ਅਤੇ ਕਈ ਪਿੰਡਾਂ ਵਿੱਚ ਸਿੰਘ ਸਭਾਵਾਂ ਬਣਾਈਆ ਗਈਆ। ਕਈ ਸਿੰਘ ਸਭਾਵਾਂ ਨੇ ਇੱਕਠੇ ਹੋਕੇ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਗਈ। ਜਿਸਨੂੰ 9 ਜੁਲਾਈ 1904 ਨੂੰ ਬ੍ਰਿਟਿਸ਼  ਸਰਕਾਰ ਨੇ ਅਧਿਕਾਰਤ ਮਾਨਤਾ ਪ੍ਰਦਾਨ ਕੀਤੀ ਅਤੇ ਇਕ ਸਭਾ ਦੇ ਤੌਰ ਤੇ ਰਜਿਸਟਰਡ ਕਰਵਾਇਆ। 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਤੱਤ ਖਾਲਸਾ ਨੇ ਅਕਾਲੀ ਲਹਿਰਾਂ ਰਾਹੀ ਦੋ ਵੱਡੀਆਂ ਕਾਨੂੰਨੀ ਜਿਤਾਂ ਹਾਸਲ ਕੀਤੀਆ। ਇਕ 1909 ਵਿੱਚ ਆਨੰਦ ਮੈਰਿਜ ਐਕਟ ਅਤ ਦੂਜਾ ਸਿੱਖ ਗੁਰਦੁਆਰਾ ਐਕਟ 1925 ਪਾਸ ਕਰਵਾਏ ਇਨ੍ਹਾਂ ਕਾਨੂੰਨ ਰਾਹੀਂ ਗੁਰਦੁਆਰਿਆਂ ਉਤੇ ਸਿੱਧਾ ਸਿੱਖ ਖਾਲਸਾ ਦਾ ਕੰਟਰੋਲ ਹੋਣ ਲੱਗਾ। ਗੁਰਦੁਆਰਿਆਂ ਦੇ ਸਿੱਖ ਪ੍ਰਬੰਧ ਨੂੰ ਮੁੜ ਸਥਾਪਤ ਕਰਨ ਲਈ ਅਹਿੰਸਕ ਅਕਾਲੀ ਲਹਿਰ ਅਤੇ ਗੁਰੁਦੁਆਰਾ ਸੁਧਾਰ ਲਹਿਰਾਂ ਸ਼ੁਰੂ ਹੋਈਆਂ ਜਿਸ ਨਾਲ ਪੰਜਾਬ ਵਿੱਚ ਗੁਰੁਦੁਆਰਿਆ ਦਾ ਪ੍ਰਬੰਧ ਸ਼੍ਰੋਮਣੀ ਗੁਰੁਦੂਆਰਾ ਪ੍ਰਬੰਧਕ ਕਮੇਟੀ ਪਾਸ ਆਉਣ ਲੱਗਾ|  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਜਮਹੂਰੀ ਸੰਸਥਾ ਵਜੋਂ ਸਿੱਖਾਂ ਦੀ ਬਹੁਗਿਣਤੀ ਦੀ ਪ੍ਰਤੀਨਿਧਤਾ ਕਰਦੀ ਅਤੇ ਸਿੱਖਾਂ ਦੀ ਅਧਿਕਾਰਤ ਅਵਾਜ ਵਜੋਂ ਉਭਰੀ। ਖੋਜਕਾਰਾਂ ਅਨੁਸਾਰ ਸਿੰਘ ਸਭਾ ਨੇ ਖਾਲਸਾ ਪਰੰਪਰਾਂ ਨੂੰ ਵਿਵਸਥਿਤ ਅਤੇ ਸਪਸ਼ਟ ਕੀਤਾ।

ਕਿਹਾ ਜਾ ਸਕਦਾ ਹੈ ਕਿ 1830 ਤੋਂ 1930 ਵਿਚਾਲੇ ਅਧੁਨਿਕ ਸਿੱਖ ਰਾਸ਼ਟਰਵਾਦ ਦਾ ਉਭਾਰ ਹੋਣਾ ਸ਼ੁਰੂ ਹੋਇਆ। 1920 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤ ਵਿੱਚ ਗੁਰੁਦੁਆਰਿਆਂ ਵਿੱਚ ਸੁਧਾਰ ਲ਼ਿਆਉਣ ਲਈ ਮੁਹਿੰਮ ਨੇ ਸਿੱਖ ਗੁਦੁਆਰਾ ਐਕਟ 1925 ਰਾਹੀਂ ਭਾਰਤ ਦੇ ਸਾਰੇ ਇਤਹਾਸਕ ਸਿੱਖ ਗੁਰਧਾਮਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਹੇਠ ਲ਼ਿਆਂਦਾ। ਸਿੰਘ ਸਭਾ ਦੇ ਨਾਲ ਨਾਲ ਗੁਰਦੁਆਰਾ ਸੁਧਾਰ ਅਤੇ ਸਿੱਖ ਧਰਮ ਦੀ ਬੇਹਤਰੀ ਲਈ ਲੰਮੇ ਸਮੇਂ ਚਲੀਆ ਹੋਰ ਲਹਿਰਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਇਕ ਚੰਗਾ ਉਪਰਾਲਾ ਹੈ ਕਿ ਸਿੱਖ ਧਰਮ ਅਤੇ ਗੁਰੁਦੁਆਰਾ ਪ੍ਰਬੰਧਕ ਵਿੱਚ ਸਮੇਂ ਦੀ ਮੰਗ ਅਨੁਸਾਰ ਸੁਧਾਰ ਲਿਆਉਣ ਲਈਸਿੰਘ ਸਭਾ ਲਹਿਰਦੀ ਸਕਾਰਾਤਮਕ ਭੂਮਿਕਾ ਨੂੰ ਯਾਦ ਕਰਦੇ ਹੋਏ ਸਿੰਘ ਸਭਾ ਦੀ 150 ਵਰੇਗੰਢ ਮਨਾ ਰਹੀ ਹੈ। ਜਰੂਰਤ ਹੈ ਕਿ ਸ਼੍ਰੋਮਣੀ ਗੁਰੁਦੂਆਰਾ ਪ੍ਰਬੰਧਕ ਕਮੇਟੀ ਵੀ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਪਣੀ ਭੂਮਿਕਾ ਨੂੰ ਮੁੜ ਪ੍ਰਭਾਸ਼ਿਤ ਕਰੇ ਤਾਂ ਕਿ ਸਿੱਖ ਧਰਮ ਜੋ ਦੁਨੀਆ ਦਾ ਇਕ ਵਿਲੱਖਣ ਧਰਮ ਹੈ ਹੋਰ ਮਜਬੂਤੀ ਨਾਲ ਮਾਨਵਤਾ ਦੀ ਸੇਵਾ ਕਰਦਾ ਰਹੇ। ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਵਿੱਚ ਵੱਧ ਰਹੇ ਡੇਰਾਵਾਦ ਅਤੇ ਬਾਬਾਡੰਮ ਜੋ ਸਿੱਖ ਧਰਮ ਵਿੱਚ ਜਾਤੀ ਵਖਰੇਵੇਂ ਪੈਦਾ ਕਰ ਰਹੇ ਹਨ ਵਿਰੁੱਧ ਮੁਹਿੰਮ ਚਲਾਉਣ ਦੀ ਲੋੜ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਜੋ ਜਾਤ ਬਰਾਦਰੀਆਂ ਦੇ ਨਾਮ ਤੇ ਗੁਰੁਦੁਆਰੇ ਬਣੇ ਹਨ ਉਨ੍ਹਾਂ ਬਾਰੇ ਆਪਣੀ ਭੂਮਿਕਾ ਨੂੰ ਸਪਸ਼ਟ ਕਰਨਾ ਚਾਹੀਦਾ ਹੈ।

ਪੰਜਾਬ ਦੇ ਹਰੇਕ ਪਿੰਡ ਅਤੇ ਕਸਬੇ ਵਿੱਚ ਇਕ ਜਾਂ ਵਧੇਰੇ ਗੁਰਦੁਆਰੇ ਹਨ ਪਰ ਤਰਾਸਦੀ ਹੈ ਕਿ ਪੰਜਾਬ ਵਿੱਚ ਇੱਕ ਵੀ ਗੁਰੁਦੁਆਰਾ ਐਸਾ ਨਜ਼ਰ ਨਹੀ ਆਉਂਦਾ ਜੋ ਭਾਈ ਕਾਹਨ ਸਿੰਘ ਨਾਭਾ ਵਲੋਂਮਹਾਨ ਕੋਸ਼ਵਿੱਚ ਗੁਰਦੁਆਰਾ ਦੀ ਕਤਿੀ ਪਰਿਭਾਸ਼ਾ ਅਨੁਸਾਰ ਕੰਮ ਕਰਦਾ ਹੋਵੇ। ਭਾਈ ਕਾਹਨ ਸਿੰਘ ਨਾਭਾ ਅਨੁਸਾਰਸਿੱਖਾਂ ਦਾ ਗੁਰਦੁਆਰਾ: ਵਿਿਦਆਰਥੀ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਉਪਦੇਸ਼ਕ ਅਚਾਰੀਆ, ਰੋਗੀਆ ਲਈ ਸਫ਼ਾਖਾਨਾ, ਭੁੱਖਿਆ ਲਈ ਅੰਨਪੂਰਨਾ, ਇਸਤਰੀ ਜਾਤੀ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ ਦਾ ਅਸਥਾਨ ਹੋਵੇ। ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੱਜ ਜਦਕਿ ਲੋਕਾਂ ਕੋਲੋਂ ਕਈ ਦੋਸ਼ਾਂ ਦਾ ਸਾਮਣਾ ਕਰ ਰਹੀ ਹੈ, ਵਡੇ ਪੱਦਰ ਤੇ ਸਿੱਖਾਂ ਵਿਚ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਣ ਦੀ ਸਖ਼ਤ ਜਰੂਰਤ ਹੈ|

ਲੇਖਕ ਪੀ.ਸੀ.ਐਸ. (ਸੇਵਾ ਮੁਕਤ) ਅਧਿਕਾਰੀ ਹਨ| ਪ੍ਰਗਟਾਏ ਵਿਚਾਰ ਉਨ੍ਹਾਂ ਦੇ ਨਿੱਜੀ ਹਨ।


Leave a Reply

Your email address will not be published. Required fields are marked *

1 Comments

Dr Kulwinder Singh

26 May, 2022

An academic article.. Such an amazing information of the movement. Similar articles on education gender and wellness are needed