Monday , 6 May 2024
Monday , 6 May 2024

ਲੋਕ ਚੇਤਿਆਂ ਦੇ ਹਾਣੀ : ਬਾਰਾਮਾਹਾ

top-news
  • 05 Mar, 2023

ਲੇਖਕ:- ਤਰਲੋਚਨ ਸਿੰਘ ਭੱਟੀ
ਪੀ.ਸੀ.ਐਸ. (ਸੇਵਾ ਮੁਕਤ)

ਸਾਹਿਤ ਮਨੁੱਖ ਦੇ ਕੋਮਲ ਭਾਵਾਂ ਦਾ ਪ੍ਰਗਟਾਵਾ ਕਰਨ ਦਾ ਮਾਧਿਅਮ ਹੈ। ਇਸ ਵਿੱਚ ਕਵਿਤਾ ਅਤੇ ਵਾਰਤਕ ਦੋਵੇ ਆਉਂਦੇ ਹਨ। ਕਵਿਤਾ ਦੇ ਕਈ ਰੂਪ ਹੋ ਸਕਦੇ ਹਨ। ਜੇਕਰ ਪੰਜਾਬੀ ਕਵਿਤਾ ਦੀ ਗੱਲ ਕੀਤੀ ਜਾਵੇ ਤਾਂ ਸੂਫ਼ੀ-ਕਾਵਿ, ਕਿੱਸਾ-ਕਾਵਿ, ਬੀਰਰਸੀ-ਕਾਵਿ, ਵਾਰਾਂ, ਜੰਗਨਾਮੇ ਅਤੇ ਬਾਰਾਮਾਹਾ ਵਰਣਨਯੋਗ ਹਨ। ਬਾਰਾਮਾਹਾ ਦਾ ਸ਼ਬਦਿਕ ਅਰਥ ਹੈ ਹਰ ਸਾਲ ਦੇ ਹਰ ਮਹੀਨੇ ਦਾ ਬਿਆਨ। ਬਾਰਾਮਾਹਾ ਦਾ ਲੋਕ-ਕਾਵਿ ਵਿੱਚ ਵਿਸ਼ੇਸ਼ ਥਾਂ ਹੈ। ਖਾਸ ਤੌਰ ਇਸ ਲਈ ਕਿ ਬਾਰਾਮਾਹਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ। ਹਰੇਕ ਮਹੀਨੇ ਦੇ ਸ਼ੂਰੂ ਵਿੱਚ ਸੰਗਰਾਦ ਵਾਲੇ ਦਿਨ ਗੁਰਦੁਆਰਿਆਂ ਵਿੱਚ ਇਸਦਾ ਜਾਪ ਅਤੇ ਵਿਆਖਿਆ ਹੁੰਦੀ ਹੈ। 

'ਬਾਰਾਮਾਹਾ ਵਿੱਚ ਦੇਸੀ ਮਹੀਨਿਆਂ ਅਨੁਸਾਰ ਬਿਰਹਾ ਅਤੇ ਵਿਯੋਗ ਦਾ ਜ਼ਿਕਰ ਹੁੰਦਾ ਹੈ ਅਤੇ ਆਖਰੀ ਮਹੀਨੇ ਵਿੱਚ ਮਿਲਾਪ ਵਿਆਖਿਆ ਜਾਂਦਾ ਹੈ। ਬਾਰਾਮਾਹਾ ਵਿੱਚ ਵਿਯੋਗ ਦੀ ਸਥਿਤੀ ਪੈਦਾ ਕਰਨ ਲਈ ਨਾਇਕ ਨੂੰ ਕਿਸੇ ਕਾਰਨ ਪ੍ਰਦੇਸ਼ ਭੇਜਿਆ ਜਾਂਦਾ ਹੈ ਅਤੇ ਉਸ ਦੀ ਨਾਇਕਾ ਨੂੰ ਵਿਯੋਗ ਦੀ ਅੱਗ ਵਿੱਚ ਸੜਦੇ ਵਿਖਾਇਆ ਜਾਂਦਾ ਹੈ। ਇਕ ਨਜਰੀਏ ਤੋ ਬਾਰਹਮਾਹਾ ਲੋਕ ਗੀਤਾ ਦੀ ਉਹ ਕਿਸਮ ਹੈ ਜਿਸ ਵਿੱਚ ਕਿਸੇ ਬਿਰਹਣੀ ਦੇ ਹਰ ਮਹੀਨੇ ਵਿੱਚ ਅਨੁਭਵ ਕੀਤੇ ਦੁੱਖਾਂ ਅਤੇ ਅੰਦਰੂਨੀ ਵੇਦਨਾ ਨੂੰ ਪ੍ਰਗਟਾਇਆ ਜਾਂਦਾ ਹੈ।

ਮੰਨਿਆ ਜਾਂਦਾ ਹੈ ਕਿ ਬਾਰਾਮਾਹਾ ਦਾ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਲੋਕ ਗੀਤਾਂ ਨਾਲ ਹੋਇਆ ਹੈ ਜੋ ਕਿਸੇ ਔਰਤ ਨੇ ਆਪਣੇ ਪਤੀ ਦੇ ਵਿਯੋਗ ਵਿੱਚ ਗਾਇਆ ਹੋਵੇਗਾ। ਸਾਹਿਤ ਅਤੇ ਸਭਿਆਚਾਰ ਦੇ ਖੋਜੀਆਂ ਅਨੁਸਾਰ ਅਪਭ੍ਰੰਸ਼ ਵਿੱਚ ਲਿਖਤ ਪਹਿਲਾ ਬਾਰਾਮਾਹਾ ਵਿਨਯ ਜੰਤਰ ਸੂਰੀ ਦਾ ਹੈ ਜੋ 1200 ਈ. ਵਿੱਚ ਰਚਿਆ ਗਿਆਫਾਰਸੀ ਵਿੱਚ ਪਹਿਲਾ ਬਾਰਾਮਾਹਾ ਮਸਊਦ ਸੱਯਦ ਸੁਲੇਮਾਨ (1047-1152) ਨੇ ਲਿਖਿਆ। ਅੰਗ੍ਰੇਜ਼ੀ ਸਾਹਿਤ ਵਿੱਚ ਪਹਿਲਾ ਬਾਰਹਮਾਹ ਲਿਖਣ ਵਾਲਾ ਕਵੀ ਸਪੈਂਸਰ ਜਿਸਨੇ ਬਾਰਹਮਾਹ 1576 ਵਿੱਚ ਲਿਿਖਆ ਜਿਸ ਨੂੰ ਆਜੜੀ-ਕਵਿ ਕਿਹਾ ਜਾਂਦਾ ਹੈ ਕਿਉਂਕਿ ਕਿਸਾਨ ਤੋ ਪਹਿਲਾ ਆਜੜੀ ਨੂੰ ਆਪਣੇ ਇਜੜ ਦੀ ਰਾਖੀ ਅਤੇ ਬਚਾਅ ਲਈ ਹਰ ਮਹੀਨੇ ਦੇ ਮੌਸਮ ਦਾ ਗਿਆਨ ਦੀ ਜਰੂਰਤ ਸੀ। ਇਸ ਗੀਤ ਵਿੱਚ ਉਸਨੇ ਹਰ ਮਹੀਨੇ ਦੀ ਪ੍ਰਕ੍ਰਿਤੀ ਦਾ ਵਰਣਨ ਕੀਤਾ ਹੈ ਅਤੇ ਉਸ ਵਰਣਨ ਵਿੱਚ ਆਪਣੀ ਸੰਵੇਦਨਾ ਦਾ ਪ੍ਰਮਾਣ ਦਿੱਤਾ ਹੈ। ਲਗਦਾ ਹੈ ਕਿ ਆਜੜੀ ਕਾਵਿ ਨਾਲ ਹੀ ਬਾਰਹਮਾਹ ਦਾ ਸਾਹਿਤ ਵਿੱਚ ਪ੍ਰਵੇਸ਼ ਹੋਇਆ ਹੈ।

ਇਹ ਜਾਨਣਾ ਯੋਗ ਹੋਵੇਗਾ ਕਿ ਬਾਰਾਮਾਹਾ ਤੋ ਪਹਿਲਾ ਖਟਰਿਤੂ ਵਰਣਨ ਦੀ ਪ੍ਰਥਾ ਸੀ। ਸੰਸਕ੍ਰਿਤ ਮਹਾਕਾਵਾਂ ਵਿੱਚ ਖਟਰਿਤੂ ਵਰਣਨ ਨੂੰ ਇਕ ਲਾਜ਼ਮੀ ਅੰਗ ਮੰਨਿਆ ਜਾਂਦਾ ਹੈ। ਸਾਲ ਦੀਆਂ ਛੇ ਰੁੱਤਾਂ ਬਸੰਤ (ਚੇਤ-ਵੈਸਾਖ) ਗਰਮੀ ਚਮਾਸਾ (ਜੇਠ ਹਾੜ) ਬਰਸਾਤਾਂ (ਸਾਵਣ ਭਾਦੋਂ), ਸਰਦ ਰੁੱਤ (ਅਸੂ ਕਤਕ) ਹੇਮੰਤ (ਮੱਘਰ ਪੋਹ) ਸ਼ਿਸ਼ਰ (ਮਾਘ ਫਰ) ਅਨੁਸਾਰ ਮਨੁੱਖੀ ਜੀਵਨ ਦਾ ਦੁੱਖ ਸੁੱਖ ਗਾਇਆ ਜਾਂਦਾ ਰਿਹਾ ਹੈ। ਮਗਰੋਂ ਇਹ ਹਰ ਮਹੀਨੇ ਗਾਉਣ ਦਾ ਰਿਵਾਜ਼ ਚਲ ਗਿਆ। ਬਾਰਹਾਂ ਮਹੀਨਿਆਂ ਅਨੁਸਾਰ ਲਿਖੀ ਜਾਣ ਵਾਲੀ ਕਵਿਤਾ ਨੂੰ ਬਾਰਹਮਾਹ ਦਾ ਨਾਮ ਦਿਤਾ ਗਿਆ ਹੈ।

ਲੋਕ ਸਾਹਿਤ ਵਿੱਚ ਪ੍ਰਚਲਤ ਬਾਰਾਮਾਹਾ ਹਾੜ ਮਹੀਨੇ ਤੋ ਸ਼ੁਰੂ ਹੁੰਦਾ ਹੈ ਜਾਂ ਕਈ ਵਾਰੀ ਬਾਰਹਮਾਹ ਵਰੇ ਦੇ ਪਹਿਲੇ ਮਹੀਨੇ ਚੇਤ ਤੋਂ ਵੀ ਸ਼ੁਰੂ ਹੁੰਦਾ ਹੈ। ਇਨ੍ਹਾਂ ਵਿੱਚ ਬਿਰਹਣੀ ਦੇ ਦੁਖਾਂ ਕਲੇਸ਼ਾਂ ਦਾ ਵਰਣਨ ਮਹੀਨੇ ਕਰਮ ਨਾਲ ਕੀਤਾ ਜਾਂਦਾ ਹੈ। ਕਈ ਵਾਰ 13ਵੇਂ ਮਹੀਨੇ ਦਾ ਜ਼ਿਕਰ ਹੁੰਦਾ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਰਾਮਾਹਾ ਮਿਲਦੇ ਹਨ। ਪਹਿਲਾ ਬਾਰਹਮਾਹ ਰਾਗ ਤੁਖਾਹੀ ਵਿੱਚ ਗੁਰੂ ਨਾਨਕ ਜੀ ਦੀ ਅੰਤਮ ਸਮੇਂ ਦੀ ਰਚਨਾ ਹੈ ਜੋ ਕਰਤਾਰਪੁਰ ਵਿਖੇ ਰਚੀ ਗਈ। ਦੂਜਾ ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਦੀ ਰਚਨਾ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚੇ ਦਸਮ ਗ੍ਰੰਥ ਦੇ

ਕ੍ਰਿਸ਼ਨਾਵਤਾਰ ਵਿੱਚ ਦੋ ਬਾਰਾਮਾਹਾ ਆਏ ਹਨ। 

ਚੇਤੁ ਬਸੰਤ ਭਲਾ ਭਵਰ ਸੁਹਾਵੜੇ॥

ਬਨ-ਫੂਲੇ ਮੰਝਿ ਬਾਰਿ ਮੈਂ ਪਿਰੁ ਘਰੁ ਬਾਹੁੜੇ॥ 

ਤੁਖਾਰੀ ਰਾਗ ਮਹਲਾ 1)

ਕਿਰਤਿ ਕਰਮ ਕੇ ਵੀਛੜੇ ਕਰ ਕ੍ਰਿਪ

  ਚਾਰਿ ਕੁੰਟ ਦਹਦਿਸਸ ਭ੍ਰਮੇ, ਥਕ ਆਏ ਪ੍ਰਭੁ ਕੀ ਸਾਮ॥

(ਮਾਝ ਮਹਲਾ 5)

ਪ੍ਰੋ: ਪਿਆਰਾ ਸਿੰਘ ਪਦਮ ਨੇ ਪੰਜਾਬੀ ਵਿੱਚ 100 ਦੇ ਕਰੀਬ ਕਵਿਆਂ ਵਲੋਂ ਲਿਖੇ ਬਾਰਾਮਾਹਾ ਨੂੰ ਸੰਗ੍ਰਹਿ ਕਰਕੇ ਉਸਦੀ ਪ੍ਰਕਾਸ਼ਨਾ ਕੀਤੀ ਗਈ। ਬਾਰਾਮਾਹਾ ਬਾਰੇ ਸਾਹਿਤਕ ਪੜਚੋਲੀਆਂ ਦਾ ਮੱਤ ਹੈ ਕਿ ਬਾਹਰਮਾਹ ਕਿਸੇ ਵਿਸ਼ੇਸ਼ ਛੰਦ ਬਦੰਸ਼ ਜਰੂਰੀ ਨਹੀ। ਦਵੈਯ ਛੰਦ ਅਤੇ ਬੈਂਤਾਂ ਵਿੱਚ ਵੀ ਬਾਰਾਮਾਹਾ ਲਿਖੇ ਮਿਲਦੇ ਹਨ। ਲੋਕ-ਕਾਵਿ ਵਿੱਚ ਬਾਰਾਮਾਹਾ ਵਿੱਚ ਕੇਵਲ ਬਿਰਹਾ ਨੂੰ ਵਿਸ਼ਾ ਬਣਾਇਆ ਗਿਆ ਹੈ। 

ਭਵਰੁ ਭਵੰਤਾ ਸਹਿਤ ਸੁਖ ਪਾਵੈ ਜੇ ਹਰਿ ਵਰ ਘਰਿ ਧਨ ਪਾਵੈ।

 ਗੁਰੂ ਗੋਬਿੰਦ ਬਾਰੇ ਬੀਰ ਰਸੀ ਕਵਿ ਬਾਰਮਾਹ ਦੀ ਰਚਨਾ ਕੀਤੀ ਹੈ।

ਪੰਜਾਬੀ ਸਹਿਤ ਵਿੱਚ ਗੁਰੂ ਸਾਹਿਬਾਨ ਤੋ ਇਲਾਵਾ ਸੂਫੀਆਂ, ਕਿੱਸਾਕਾਰਾਂ ਅਤੇ ਹੋਰ ਕਵੀਆਂ ਨੇ ਬਾਰਹਮਾਹ ਲਿਿਖਆ ਹੈ ਜਿੰਨਾਂ ਵਿੱਚ ਜ਼ਿਕਰਯੋਗ ਹੈ - ਬਾਬਾ ਬੁਲੇ ਸ਼ਾਹ, ਫਰਦ ਫਕੀਰ, ਮੋਲਵੀ ਗੋਲਾਮ ਰਸੂਲ, ਮੀਆਂ ਸਿੰਘ, ਸ਼ਾਹ ਮੁਰਾਦ, ਫਿਰੋਜ਼ਦੀਨ ਸਰਫ, ਹਦਾਇਤ ਉਲਾ, ਮੋਲਾ ਬਖਸ਼ ਕਸ਼ਤਾ, ਕਿਸ਼ਨ ਸਿੰਘ੍ਹ ਆਰਿਫ, ਮੁਹਮੰਦ ਬੂਟਾ, ਮੀਆਂ ਸ਼ਾਹ ਜਲੰਧਰੀ, ਬੁਧ ਸਿੰਘ, ਪ੍ਰੇਮ ਬੱਖਸ਼, ਭਗਵਾਨ ਸਿੰਘ ਅਤੇ ਭਾਈ ਵੀਰ ਸਿੰਘ ਵਲੋਂ ਬਾਰਾਮਾਹਾ ਲਿਖਿਆ ਗਿਆ ਹੈ।

ਪੰਜਾਬੀ ਲੋਕ ਕਾਵਿ ਸਾਹਿਤ ਵਿੱਚ ਬਾਰਾਮਾਹਾ ਦਾ ਜ਼ਿਕਰ ਕੁਝ ਇਸ ਤਰ੍ਹਾਂ ਵੀ ਹੋਇਆ ਹੈ :

ਚੇਤ ਮਹੀਨੇ ਚੜ੍ਹਦਾ ਹੈ, ਕਣਕੀ ਸੋਕਾ ਮੁੜਦਾ ਹੈ,

ਵਿਸਾਖ ਵਿਸਾਖੀ ਚਾਹੁੰਦੇ ਹਾਂ, ਦਾਣੇ ਘਰ ਲਿਆਉਂਦੇ ਹਾਂ

ਜੇਠ ਮਹੀਨਾ ਲੂਆਂ ਦਾ, ਪਾਣੀ ਸੁਕਦਾ ਖੂਹਾਂ ਦਾ,

 ਹਾੜ ਮਹੀਨਾ ਤਪਦਾ ਹੈ, ਸਾਨੂੰ ਅੰਦਰ ਰੱਖਦਾ ਹੈ,

ਸਾਵਣ ਬੱਦਲ ਵਸਦੇ ਨੇ, ਅੰਬ ਜਮੋਏ ਰਸਦੇ ਨੇ

ਭਾਦੋ ਧੁੱਪਾਂ ਕਹਿਰ ਦੀਆਂ, ਝੜੀਆ ਕਈ ਕਈ ਪਹਿਰ ਦੀਆਂ

   ਅੱਸੂ ਮਾਹ ਨਿਰਾਲਾ ਹੈ, ਨਾ ਗਰਮੀ ਨਾ ਪਾਲਾ ਹੈ

ਕੱਤਕ ਵੰਡੇ ਚਾਨਣੀਆਂ ਰਾਤਾਂ ਬਹਿਕੇ ਮਾਨਣੀਆਂ

ਮੱਘਰ ਨੂੰ ਗੱਲ ਲਾਉਂਦੇ ਹਾਂ, ਕੋਟ ਸਵੈਟਰ ਪਾਉਂਦੇ ਹਾ

  ਪੋਹ ਵਿੱਚ ਪਾਲਾ ਖੇਸੀ ਦਾ ਧੂਣੀਆਂ ਲਾ ਲਾ ਸੇਕੀ ਦਾ

ਮਾਘ ਨਜਾਰੇ ਧੁਪਾਂ ਦੇ, ਪੱਤੇ ਝੜਦੇ ਰੁੱਖਾਂ ਦੇ

ਫੱਗਣ ਫੁੱਲ ਖਿੜਾਉਂਦਾ ਹੈ, ਸਭ ਦੇ ਮਨ ਨੂੰ ਭਾਉਂਦਾ ਹੈ।

ਅਤੇ

  ਚੜਿਆ ਮਹੀਨੇ ਚੇਤ ਦਿਲਾ ਦੇ ਭੇਤ ਕੋਈ ਨਹੀ ਜਾਣਦਾ

ਉਹ ਗਿਆ ਪਰਦੇਸ ਜੋ ਸਾਡੇ ਹਾਣ ਦਾ।

ਚੜਿਆ ਮਹੀਨਾ ਵਿਸਾਖ, ਅੰਬੇ ਪੱਕੀ ਦਾ, ਅੰਬੇ ਰਸ ਚੋ ਪਿਆ

ਪੀਆ ਗਿਆ ਪ੍ਰਦੇਸ ਕਿ ਜੀਉੜਾ ਰੋ ਪਿਆ।

 ਚੜਿਆ ਮਹੀਨਾ ਹਾੜ ਤਪਣ ਪਹਾੜ ਕਿ ਬਲਣ ਅੰਗੀਠੀਆ

ਪੀਆ ਵਸੇ ਪਰਦੇਸ ਸਭੋ ਗਲਾਂ ਝੂਠੀਆ।

 ਚੜਿਆ ਮਹੀਨਾ ਸੋਂਣ ਮੀਂਹ ਵਰ ਸੋਣ ਕਿ ਉਡਣ ਭੰਬੀਰੀਆਂ

ਪੀਆ ਵਸੇ ਪਰਦੇਸ ਕਿ ਮਨ ਦਿਲਗੀਰੀਆਂ।

ਚੜਿਆ ਮਹੀਨਾ ਪੋਹ ਹਥੀ ਪੈਰੀ ਖੋਹ ਕਿ ਚੋਲ ਮੇਰੇ ਡੁਲ ਜਾਵਣ

ਨਣਦੇ! ਘਰ ਆਵੇ ਤੇਰਾ ਵੀਰ ਸਭੇ ਦੁਖ ਭੁਲ ਜਾਵਣ

ਚੜਿਆ ਮਹੀਨਾ ਫੱਗਣ ਕਿ ਵਾਂ ਵਾਂ ਵਗਣ, ਪਤਾ ਨਹੀ ਢੋਲ ਦਾ

ਪੀਆ ਵਸੇ ਪਰਦੇਸ ਕਿ ਜੀਉੜਾ ਡੋਲਦਾ।

ਸੋ ਕਿਹਾ ਜਾ ਸਕਦਾ ਹੈ ਕਿ ਬਾਰਾਮਾਹਾ ਇਕ ਲੋਕ ਕਾਵਿ ਵੰਨਗੀ ਹੈ ਜਿਸ ਵਿੱਚ ਦੇਸੀ ਬਾਰਾ ਮਹੀਨਿਆਂ ਦੇ ਬਦਲ ਦੇ ਕੁਦਰਤੀ ਵਾਤਾਵਰਣ ਨੂੰ ਪਿਛੋਕੜ ਵਿੱਚ ਰਖਕੇ ਪ੍ਰੀਤਮ ਤੋ ਵਿਛੜੀ ਬਿਰਹਣੀ ਦੀ ਪ੍ਰੇਮ ਪੀੜਾ ਨੂੰ ਪੇਸ਼ ਕੀਤਾ ਜਾਂਦਾ ਹੈ। ਗੂਰੂਆ, ਸੂਫੀ ਅਤੇ ਸੰਤ ਭਗਤਾਂ ਨੇ ਆਪਣੇ ਆਪ ਨੂੰ ਹਮੇਸ਼ਾ ਪ੍ਰਭੂ ਤੋਂ ਵਿਛੜੇ ਹੋਏ ਸਮਝਿਆ, ਇਸ ਲਈ ਉਹਨਾਂ ਦੀ ਤੜਪ ਅਤੇ ਬਿਰਹਾਂ ਨੂੰ ਬਾਰਹ ਮਾਹ ਕਾਵਿ ਰੂਪ ਵਿੱਚ ਰਚਨਾ ਕੀਤੀ ਹੈ। ਪ੍ਰੋ: ਸਾਹਿਬ ਸਿੰਘ, ਪ੍ਰੋ: ਕੁਲਵੰਤ ਸਿੰਘ ਅਤੇ ਵਣਜਾਰਾ ਬੇਦੀ, ਡਾ. ਰਤਨ ਸਿੰਘ ਜੱਗੀ ਨੇ ਪੰਜਾਬੀ ਬਾਰਹਮਾਹਾ ਬਾਰੇ ਖੋਜ ਵਿਚਾਰ ਕੀਤੀ ਹੈ। ਜਿਸ ਤਰਾਂ ਬਾਰਹਮਾਹ ਵਿੱਚ ਬਾਰਾ ਮਹੀਨਿਆਂ ਦਾ ਵਰਣਨ ਮਿਲਦਾ ਹੈ ਉਸੇ ਤਰ੍ਹਾਂ ਅਠਵਾਰੇ ਵਿੱਚ ਮਹੀਨਿਆਂ ਹਫਤੇ ਦੇ ਦਿਨਾਂ ਦੇ ਨਾਵਾਂ ਨੂੰ ਅਧਾਰ ਬਣਾ ਕੇ ਕਾਵਿ ਰਚਨਾ ਕੀਤੀ ਗਈ ਹੈ। ਜਿਸ ਵਿੱਚ ਬਾਬਾ ਬੁਲੇ ਸ਼ਾਹ ਦੀ ਰਚਨਾ ਵਰਣਨਯੌਗ ਹੈ।

‘ਸੋਮਵਾਰ ਦੋਹਰਾਂ’ ਬੁੱਲਾ ਰੋਜ਼ ਸੋਮਵਾਰ ਦਾ, 

            ਕਿਆ ਚਲ ਚਲ ਕਰੇ ਪੁਕਾਰ।

                    ਅੱਗੇ ਲੱਖ ਕਰੋੜ ਸਹੇਲੀਆਂ, ਮੈਂ ਕਿਸ ਦੀ ਪਾਣੀਹਾਰ।

ਮੈਂ ਦੁਖਿਆਰੀ ਦੁੱਖ ਸਵਾਰ, ਰੋਣਾਂ ਅੱਖੀਆਂ ਦਾ ਰੁਜ਼ਗਾਰ

ਗੁਰੂ ਅਮਰਦਾਸ ਜੀ ਨੇ ਰਾਗ ਬਿਲਾਵਲ ਵਿੱਚ ਇਕ ਸਤਵਾਰਾ ਲਿਖਿਆ ਹੈ।

                                ਸੋਮਵਾਰਿ ਸਚ ਰਹਿਆ ਸਮਾਇ।

                                ਤਿਸ ਕੀ ਕੀਮਤ ਕਹੀ ਨਾ ਜਾਇ।

                                 ਆਖਿ ਆਖਿ ਰਹੇ ਸਭਿ ਲਿਵ ਲਾਇ

                                    ਜਿਸ ਦੇਵੈ ਤਿਸ ਪਲ ਪਾਇ।

                               ਅਗਰ ਅਗੋਚਰ ਲਖਿਆ ਨਾ ਜਾਇ

                              ਗੁਰ ਕੈ ਸਬਦ ਹਰਿ ਰਹਿਆ ਸਮਾਇ ॥

ਸੋ ਕਿਹਾ ਜਾ ਸਕਦਾ ਹੈ ਬਾਰਹਮਾਹ, ਅਠਵਾਰਾ ਅਤੇ ਸਤਵਾਰਾ ਕਾਵਿ ਰੂਪਾਂ ਨੇ ਮਨੁੱਖ ਦੀ ਸੰਵੇਦਨਾ ਪ੍ਰਗਟਾਵੇ ਨੂੰ ਲੋਕ ਚੇਤਿਆ ਦਾ ਹਾਣੀ ਬਣਾਇਆ ਹੈ।


Leave a Reply

Your email address will not be published. Required fields are marked *

0 Comments