Monday , 20 May 2024
Monday , 20 May 2024

ਸ਼ਾਂਤੀ ਅਤੇ ਸਹਿਣਸ਼ੀਲਤਾ ਦੇ ਸਮਾਨਾਰਥੀ ਮਹਾਤਮਾ ਬੁੱਧ

top-news
  • 16 May, 2022

ਸ਼ਾਂਤੀ ਅਤੇ ਸਹਿਣਸ਼ੀਲਤਾ ਦੇ ਸਮਾਨਾਰਥੀ ਮਹਾਤਮਾ ਬੁੱਧ

ਜੀ. ਕਿਸ਼ਨ ਰੈੱਡੀ

ਮਹਾਤਮਾ ਬੁੱਧ ਕਿਸ ਮਹਾਪੁਰਸ਼ ਦਾ ਨਾਮ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਜਨਮ ਪੂਰਣਿਮਾ ਦੇ ਦਿਨ ਹੋਇਆ, ਉਨ੍ਹਾਂ ਨੂੰ ਗਿਆਨ ਬੋਧ ਵੀ ਪੂਰਣਿਮਾ ਦੇ ਦਿਨ ਹੋਇਆ ਅਤੇ ਉਨ੍ਹਾਂ ਦਾ ਮਹਾਪਰਿਨਿਰਵਾਣ ਵੀ ਪੂਰਣਿਮਾ ਦੇ ਹੀ ਦਿਨ ਹੋਇਆ। ਅਜਿਹਾ ਵਿਲੱਖਣ ਸੰਜੋਗ ਕਿਸੇ ਮਹਾਮਾਨਵ ਦੇ ਹੀ ਜੀਵਨ ਵਿੱਚ ਆਉਂਦਾ ਹੈ। ਭਾਰਤ ਜਿਹੇ ਧਾਰਮਿਕ ਦੇਸ਼ ਵਿੱਚ ਪੂਰਣਿਮਾ ਦਾ ਦਿਨ ਆਸਥਾ ਦਾ ਪ੍ਰਤੀਕ ਹੈ, ਵਿਸ਼ਵਾਸ ਦਾ ਪ੍ਰਤੀਕ ਹੈ, ਸੀਤਲਤਾ ਦਾ ਪ੍ਰਤੀਕ ਹੈ, ਸ਼ਾਂਤੀ ਦਾ ਪ੍ਰਤੀਕ ਹੈ ਅਤੇ ਪ੍ਰਕਾਸ਼ ਦਾ ਪ੍ਰਤੀਕ ਹੈ। 

ਮਨੁੱਖ ਦੇ ਮਨ ਵਿੱਚ ਪ੍ਰਸ਼ਨਾਂ ਦਾ ਜਨਮ ਹੋਣਾ ਸੁਭਾਵਿਕ ਹੈ। ਆਮ ਲੋਕ ਉਨ੍ਹਾਂ ਪ੍ਰਸ਼ਨਾਂ ਦਾ ਆਪਣੇ ਅੰਦਰ ਹੀ ਅੰਤ ਕਰ ਲੈਂਦੇ ਹਨ ਅਤੇ ਕੁਝ ਵਿਸ਼ੇਸ਼ ਲੋਕ ਉਨ੍ਹਾਂ ਪ੍ਰਸ਼ਨਾਂ ਦੇ ਉੱਤਰ ਲਈ ਉਤਸੁਕ ਹੋ ਕੇ, ਸਭ ਕੁਝ ਤਿਆਗ ਕੇ ਉਨ੍ਹਾਂ ਦੀ ਖੋਜ ਵਿੱਚ ਨਿਕਲ ਪੈਂਦੇ ਹਨ। ਉਹੀ ਲੋਕ ਮਾਨਵ ਤੋਂ ਮਹਾਮਾਨਵ ਅਤੇ ਮਹਾਪੁਰਸ਼ ਬਣਦੇ ਹਨ। ਅਜਿਹੇ ਹੀ ਕੁਝ ਪ੍ਰਸ਼ਨਾਂ ਦਾ ਜਨਮ ਰਾਜਕੁਮਾਰ ਸਿਧਾਰਥ ਦੇ ਮਨ ਵਿੱਚ ਹੋਇਆ।

ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੂੰ ਕਿਸੇ ਸੰਤ ਨੇ ਕਿਹਾ ਕਿ ਰਾਜਕੁਮਾਰ ਸਿਧਾਰਥ ਵੱਡਾ ਹੋ ਕੇ ਜਾਂ ਤਾਂ ਸਫ਼ਲ ਰਾਜਾ ਬਣੇਗਾ ਜਾਂ ਫਿਰ ਬਹੁਤ ਵੱਡਾ ਸੰਤ ਬਣੇਗਾ। ਪਰਿਵਾਰ ਦੇ ਲੋਕ ਡਰ ਗਏ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਬਾਹਰੀ ਦੁਨੀਆ ਤੋਂ ਅਣਭਿੱਜ ਰੱਖਿਆ। ਲੇਕਿਨ ਇੱਕ ਦਿਨ ਉਹ ਘਰ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਨੇ 3 ਦ੍ਰਿਸ਼ ਦੇਖੇ, ਪਹਿਲਾ-ਇੱਕ ਅਤਿਅੰਤ ਬਿਮਾਰ ਵਿਅਕਤੀ, ਦੂਸਰਾ- ਬਹੁਤ ਬੁੱਢਾ ਵਿਅਕਤੀ ਅਤੇ ਤੀਸਰਾ-ਇੱਕ ਮ੍ਰਿਤਕ, ਉਨ੍ਹਾਂ ਦੇ ਮਨ ਵਿੱਚ ਆਇਆ ਕਿ ਮੈਂ ਬਿਮਾਰ ਹੋ ਜਾਵਾਂਗਾ, ਮੈਂ ਬੁੱਢਾ ਹੋ ਜਾਵਾਂਗਾ ਅਤੇ ਮੈਂ ਮਰ ਜਾਵਾਂਗਾ। ਇਨ੍ਹਾਂ ਤਿੰਨਾਂ ਪ੍ਰਸ਼ਨਾਂ ਨੇ ਉਨ੍ਹਾਂ ਨੂੰ ਬੇਚੈਨ ਕਰ ਦਿੱਤਾ। ਫਿਰ ਉਹ ਸ਼ਾਹੀ ਮਹਿਲ, ਰਾਜ ਮਹਿਲ, ਪਤਨੀ ਅਤੇ ਪਰਿਵਾਰ ਨੂੰ ਤਿਆਗ ਕੇ ਇਨ੍ਹਾਂ ਪ੍ਰਸ਼ਨਾਂ ਦੀ ਖੋਜ ਵਿੱਚ ਨਿਕਲ ਪਏ। ਉਨ੍ਹਾਂ ਨੇ ਇੱਕ ਸੰਨਿਆਸੀ ਨੂੰ ਦੇਖਿਆ ਅਤੇ ਮਨ ਹੀ ਮਨ ਸੰਨਿਆਸ ਗ੍ਰਹਿਣ ਕਰਨ ਦੀ ਠਾਣ ਲਈ। ਬਸ ਉੱਥੋਂ ਹੀ ਰਾਜਕੁਮਾਰ ਸਿਧਾਰਥ ਦੀ ਮਹਾਤਮਾ ਬੁੱਧ ਬਣਨ ਦੀ ਯਾਤਰਾ ਸ਼ੁਰੂ ਹੁੰਦੀ ਹੈ। ਮਹਾਤਮਾ ਬੁੱਧ ਨੇ ਬਿਨਾ ਅੰਨ, ਜਲ ਗ੍ਰਹਿਣ ਕੀਤੇ ਗ਼ਰੀਬ 6 ਸਾਲ ਘੋਰ ਤਪੱਸਿਆ ਕੀਤੀ, ਉਸ ਦੇ ਬਾਅਦ ਵਿਸਾਖ ਪੂਰਣਿਮਾ ਦੇ ਦਿਨ ਉਨ੍ਹਾਂ ਨੂੰ ਗਿਆਨ ਬੋਧ ਹੋਇਆ। ਇੱਕ ਅਜਿਹਾ ਗਿਆਨ ਜੋ ਹਜ਼ਾਰਾਂ ਸਾਲਾਂ ਤੋਂ ਇਸ ਧਾਰਾ ਨੂੰ ਪ੍ਰਕਾਸ਼ਮਾਨ ਕਰ ਰਿਹਾ ਹੈ।

ਮਹਾਤਮਾ ਬੁੱਧ ਇਸ ਧਰਤੀ ’ਤੇ ਇੱਕ ਅਜਿਹੇ ਮਹਾਨ ਅਧਿਆਤਮਕ ਗੁਰੂ ਹੋਏ ਹਨ। ਜਿਨ੍ਹਾਂ ਨੇ ਬੋਧ ਧਰਮ ਦੀ ਸਥਾਪਨਾ ਕਰਕੇ ਦੁਨੀਆ ਨੂੰ ਸ਼ਾਂਤੀ, ਕਰੁਣਾ ਅਤੇ ਸਹਿਣਸ਼ੀਲਤਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਲਈ ਅੱਜ ਵਿਸ਼ਵ ਦੇ ਅਨੇਕ ਦੇਸ਼ ਬੁੱਧ ਧਰਮ ਦਾ ਪਾਲਣ ਕਰ ਰਹੇ ਹਨ। ਵਰਤਮਾਨ ਸਮੇਂ ਵਿੱਚ ਜਦੋਂ  ਵਿਸ਼ਵ ਅਸ਼ਾਂਤੀ, ਆਤੰਕਵਾਦ, ਅਨੈਤਿਕ ਅਤੇ ਜਲਵਾਯੂ ਪਰਿਵਰਤਨ ਜਿਹੀਆਂ ਸਮੱਸਿਆਵਾਂ ਨਾਲ ਗ੍ਰਸਤ ਹੈ ਤਾਂ ਭਗਵਾਨ ਗੌਤਮ ਬੁੱਧ ਦਾ ਜੀਵਨ ਦਰਸ਼ਨ ਸਾਨੂੰ ਸਮਾਧਾਨ ਦਾ ਮਾਰਗ ਦੇ ਸਕਦਾ ਹੈ। ਉਨ੍ਹਾਂ ਨੇ ਮਨੁੱਖ ਨੂੰ ਅਹਿੰਸਾ, ਪ੍ਰੇਮ, ਭਾਈਚਾਰਾ, ਸਬਰ, ਸੰਤੁਸ਼ਟੀ ਅਤੇ ਨੈਤਿਕ ਕਦਰਾਂ ਕੀਮਤਾਂ ’ਤੇ ਅਧਾਰਿਤ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਹੈ। ਪੰਚਸ਼ੀਲ ਦਾ ਉਨ੍ਹਾਂ ਦਾ ਸਿਧਾਂਤ ਕਿਸੇ ਵੀ ਮਨੁੱਖ ਦੇ ਜੀਵਨ ਨੂੰ ਸਾਰਥਿਕ ਬਣਾ ਸਕਦਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ- ਹਿੰਸਾ ਨਾ ਕਰਨਾ, ਚੋਰੀ ਨਾ ਕਰਨਾ, ਵਿਭਚਾਰ ਨਾ ਕਰਨਾ, ਝੂਠ ਨਾ ਬੋਲਣਾ ਅਤੇ ਨਸ਼ਾ ਨਾ ਕਰਨਾ ਸ਼ਾਮਲ ਹੈ। ਇਸ ਗੱਲ ‘ਤੇ ਉਨ੍ਹਾਂ ਦਾ ਵਿਸ਼ੇਸ਼ ਬਲ ਰਿਹਾ ਕਿ ਜੀਵਨ ਵਿੱਚ ਕੁਦਰਤ ਦਾ ਸਨਮਾਨ ਸਰਬਉੱਚ ਹੈ।

ਨਰੇਂਦਰ ਮੋਦੀ ਸਰਕਾਰ ਭਗਵਾਨ ਬੁੱਧ ਦੇ ਉਦੇਸ਼ਾਂ, ਸੰਦੇਸ਼ਾਂ ਅਤੇ ਵਿਚਾਰਾਂ ਨੂੰ ਦੁਨੀਆ ਦੇ ਜਨ-ਜਨ ਤੱਕ ਪਹੁੰਚਾਉਣ ਲਈ ਸੰਕਲਪਬੱਧ ਹੈ। ਇਸ ਲਈ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2015 ਵਿੱਚ ਬੁੱਧ ਪੂਰਣਿਮਾ ਨੂੰ ਰਾਸ਼ਟਰੀ ਉਤਸਵ ਦੇ ਰੂਪ ਵਿੱਚ ਮਨਾਉਣ ਦਾ ਫ਼ੈਸਲਾ ਕੀਤਾ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਇਸ ਉਤਸਵ ਨੂੰ ਪ੍ਰੋਤਸਾਹਨ ਦਿੱਤਾ।

ਉਨ੍ਹਾਂ ਦੁਆਰਾ ਦਿੱਤਾ ਗਿਆ ਗਿਆਨ ਵਿਸ਼ਵ ਲਈ ਸ਼ਾਂਤੀ ਅਤੇ ਏਕਤਾ ਦੀ ਸ਼ਕਤੀ ਬਣ ਸਕਦਾ ਹੈ। ਪਿਛਲੇ ਸਾਲ ਬੁੱਧ ਪੂਰਣਿਮਾ ਵਿਸ਼ਵ ਸ਼ਾਂਤੀ ਅਤੇ ਕੋਰੋਨਾ ਮਹਾਮਾਰੀ ਤੋਂ ਰਾਹਤ ਲਈ ਸਮਰਪਿਤ ਸੀ। ਦੁਨੀਆ ਜਦੋਂ ਮੁਸ਼ਕਿਲ ਦੌਰ ਤੋਂ ਗੁਜਰ ਰਹੀ ਸੀ, ਉਸ ਸਮੇਂ ਭਾਰਤ ਦੇ ਨਾਲ ਇਕਜੁੱਟ ਹੋ ਕੇ ਬੋਧਗਿਆ-ਭਾਰਤ, ਲੁੰਬਿਨੀ-ਨੇਪਾਲ, ਕੈਂਡੀ-ਸ੍ਰੀ ਲੰਕਾ, ਭੂਟਾਨ, ਕੰਬੋਡੀਆ, ਇੰਡੋਨੇਸ਼ੀਆ, ਮਲੇਸ਼ੀਆ, ਮੰਗੋਲੀਆ, ਰੂਸ, ਸਿੰਗਾਪੁਰ, ਦੱਖਣੀ ਕੋਰੀਆ ਅਤੇ ਤਾਇਵਾਨ ਦੇ ਪ੍ਰਮੁੱਖ ਬੋਧੀ ਮੰਦਿਰਾਂ ਵਿੱਚ ਵਿਸ਼ਵ ਸ਼ਾਂਤੀ ਲਈ ਇਕੱਠੀਆਂ ਪ੍ਰਾਰਥਨਾਵਾਂ ਆਯੋਜਿਤ ਕੀਤੀਆਂ ਗਈਆਂ। ਉਸ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਗਵਾਨ ਬੁੱਧ ਸਰਬਵਿਆਪੀ ਹੈ ਕਿਉਂਕਿ ਉਹ ਆਪਣੇ ਅੰਦਰ ਤੋਂ ਸ਼ੁਰੂਆਤ ਕਰਨ ਲਈ ਕਹਿੰਦੇ ਹਨ। ਕਿਉਂਕਿ ਜਦੋਂ ਕੋਈ ਵਿਅਕਤੀ ਸਵੈ ਪ੍ਰਕਾਸ਼ਿਤ ਹੁੰਦਾ ਹੈ, ਤਾਂ ਉਹ ਦੁਨੀਆ ਨੂੰ ਵੀ ਪ੍ਰਕਾਸ਼ ਦਿੰਦਾ ਹੈ। ਇਸ ਲਈ ਬੁੱਧ ਦਰਸ਼ਨ ਵਿੱਚ ‘‘ਅੱਪ ਦੀਪੋ ਭਵ’’ ਭਾਰਤ ਦੇ ਆਤਮਨਿਰਭਰ ਬਣਨ ਦੀ ਪ੍ਰੇਰਣਾ ਹੈ।

ਬੁੱਧ ਧਰਮ ਨੂੰ ਦੁਨੀਆ ਦੇ ਚਾਰ ਵੱਡੇ ਧਰਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦੁਨੀਆ ਵਿੱਚ ਲਗਭਗ 50 ਕਰੋੜ ਤੋਂ ਜ਼ਿਆਦਾ ਲੋਕ ਬੁੱਧ ਧਰਮ ਨੂੰ ਮੰਨਣ ਵਾਲੇ ਹਨ ਅਤੇ ਉਨ੍ਹਾਂ ਵਿੱਚੋਂ 90% ਦੱਖਣੀ ਪੂਰਬੀ ਏਸ਼ੀਆ ਅਤੇ ਪੂਰਬੀ ਏਸ਼ੀਆ ਵਿੱਚ ਰਹਿੰਦੇ ਹਨ। ਇਸ ਦੇ ਬਾਅਦ ਵੀ, ਇਹ ਅਨੁਮਾਨ ਹੈ ਕਿ ਹਰ ਸਾਲ 0.005% ਤੋਂ ਘੱਟ ਬੋਧੀ ਤੀਰਥ ਯਾਤਰੀ ਯਾਤਰਾ ਲਈ ਭਾਰਤ ਆਉਂਦੇ ਹਨ। ਕਿਉਂਕਿ ਬੋਧੀ ਵਿਰਾਸਤ ਭਾਰਤ ਵਿੱਚ ਸਭ ਤੋਂ ਜ਼ਿਆਦਾ ਹੈ, ਇਸ ਲਈ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਵਿੱਚ ਸਾਡਾ ਸੰਕਲਪ ਵੱਧ ਤੋਂ ਵੱਧ ਬੋਧੀ ਤੀਰਥ ਯਾਤਰੀਆਂ ਨੂੰ ਭਾਰਤ ਦਰਸ਼ਨ ਕਰਾਉਣਾ ਹੈ ਅਤੇ ਇਸ ਦਿਸ਼ਾ ਵਿੱਚ ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ ਕੰਮ ਕਰ ਰਿਹਾ ਹੈ। ਟੂਰਿਜ਼ਮ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਬੁੱਧ ਸਰਕਿਟ ਬਣਾਇਆ ਅਤੇ ਬੁੱਧ ਸਰਕਿਟ ਵਿਕਾਸ ਲਈ 325.53 ਕਰੋੜ ਰੁਪਏ ਦੇ 5 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਜਿਸ ਵਿੱਚ ਸਾਂਚੀ-ਸਤਨਾ-ਰੀਵਾ-ਮੰਦਸੌਰ-ਧਾਰ ਦਾ ਵਿਕਾਸ, ਸ਼੍ਰਾਸਵਤੀ-ਕੁਸ਼ੀਨਗਰ ਅਤੇ ਕਪਿਲਵਸਤੂ ਦਾ ਵਿਕਾਸ, ਬੋਧਗਿਆ ਵਿੱਚ ਕਨਵੈਨਸ਼ਨ ਸੈਂਟਰ ਦਾ ਨਿਰਮਾਣ, ਜੂਨਾਗੜ੍ਹ-ਗਿਰ ਸੋਮਨਾਥ-ਭਰੂਚ-ਭਾਵਨਗਰ-ਰਾਜਕੋਟ-ਮਹਿਸਾਣਾ ਦਾ ਵਿਕਾਸ ਅਤੇ ਆਂਧਰ ਪ੍ਰਦੇਸ਼ ਦੇ ਸ਼ਾਲਿਹੁੰਡਮ-ਥੋਟਲਾਕੋਂਡਾ-ਬਾਵਿਕੋਂਡਾ-ਬੋਜਾਨਕੋਂਡਾ-ਅਮਰਾਵਤੀ-ਅਨੁਪੂ ਵਿੱਚ ਬੁੱਧ ਸਰਕਿਟ ਦਾ ਵਿਕਾਸ ਹੋਇਆ ਹੈ। ਭਗਵਾਨ ਬੁੱਧ ਦੇ ਜੀਵਨ ਦਾ ਸਬੰਧ ਜਿਨ੍ਹਾਂ ਰਾਜਾਂ ਨਾਲ ਰਿਹਾ, ਬੁੱਧ ਸਰਕਿਟ ਨਾਲ ਉਨ੍ਹਾਂ ਨੂੰ ਜੋੜਿਆ ਗਿਆ ਹੈ। ਜਿਸ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਗੁਜਰਾਤ ਅਤੇ ਆਂਧਰ ਪ੍ਰਦੇਸ਼ ਸ਼ਾਮਲ ਹਨ। ਬੁੱਧ ਸਰਕਿਟ ਵਿਕਾਸ ਵਿੱਚ ਕਨੈਕਟੀਵਿਟੀ, ਇਨਫ੍ਰਾਸਟ੍ਰਕਚਰ ਅਤੇ ਲੌਜਿਸਟਿਕਸ, ਸੱਭਿਆਚਾਰਕ ਖੋਜ, ਵਿਰਾਸਤ ਅਤੇ ਸਿੱਖਿਆ, ਜਨ ਜਾਗਰਣ, ਸੰਚਾਰ ਅਤੇ ਅਕਸੈੱਸ ਨੂੰ ਸ਼ਾਮਲ ਕੀਤਾ ਹੈ। ਦੁਨੀਆ ਭਰ ਤੋਂ ਆਉਣ ਵਾਲੇ ਬੋਧੀ ਭਿਕਸ਼ੂਆਂ ਅਤੇ ਤੀਰਥ ਯਾਤਰੀਆਂ ਨੂੰ ਯਾਤਰਾ  ਵਿੱਚ ਅਸਾਨੀ ਹੋਵੇ, ਇਸ ਲਈ ਭਾਰਤ ਸਰਕਾਰ ਨੇ ਕੁਸ਼ੀਨਗਰ, ਉੱਤਰ ਪ੍ਰਦੇਸ਼ ਵਿੱਚ ਲਗਭਗ 260 ਕਰੋੜ ਰੁਪਏ ਦੀ ਲਾਗਤ ਨਾਲ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਹੈ। ਨਾਲ ਹੀ ਬੁੱਧ ਸਰਕਿਟ ਵਿੱਚ ਆਈਆਰਸੀਟੀਸੀ ਦੁਆਰਾ ‘ਬੁੱਧ ਪੂਰਣਿਮਾ ਐਕਸਪ੍ਰੈੱਸ’ ਸਪੈਸ਼ਲ ਟ੍ਰੇਨ ਵੀ ਸ਼ੁਰੂ ਕੀਤੀ ਗਈ ਹੈ। ਟੂਰਿਜ਼ਮ ਮੰਤਰਾਲਾ, ਵਿਕਾਸ ਸਮਰੱਥਾ ਵਧਾਉਣ ’ਤੇ ਵੀ ਨਿਰੰਤਰ ਕਾਰਜਸ਼ੀਲ ਹੈ, ਇਸ ਦਿਸ਼ਾ ਵਿੱਚ ਅਸੀਂ ਥਾਈ, ਜਪਾਨੀ, ਵੀਅਤਨਾਮੀ ਅਤੇ ਚੀਨੀ ਭਾਸ਼ਾਵਾਂ ਵਿੱਚ ਭਾਸ਼ਾਈ ਟੂਰਿਜ਼ਮ ਸੂਤਰਧਾਰ ਟ੍ਰੇਨਿੰਗ ਨੂੰ ਸ਼ਾਮਲ ਕੀਤਾ ਹੈ। ਸਾਲ 2018 ਅਤੇ 2020 ਦੇ ਵਿਚਕਾਰ 525 ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਸਾਲ 2020 ਤੋਂ 2023 ਵਿਚਕਾਰ 600 ਹੋਰ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਨਾਲ ਵਿਸ਼ੇਸ਼ ਰੂਪ ਨਾਲ ਵਿਦੇਸ਼ ਤੋਂ ਆਉਣ ਵਾਲੇ ਬੋਧੀ ਤੀਰਥ ਯਾਤਰੀਆਂ ਨੂੰ ਭਾਸ਼ਾਈ ਕਨੈਕਟੀਵਿਟੀ ਵਿੱਚ ਮਦਦ ਮਿਲੇਗੀ। ਦੇਸ਼ ਦੇ ਕਈ ਵਿਸ਼ੇਸ਼ ਸੰਸਥਾਨਾਂ ਵਿੱਚ ਬੁੱਧ ਧਰਮ ਨਾਲ ਸਬੰਧਿਤ ਪਾਠਕ੍ਰਮਾਂ ਨੂੰ ਪੜ੍ਹਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਤੰਬਰ 2021 ਵਿੱਚ ਅਮਰੀਕਾ ਦਾ ਦੌਰਾ ਕੀਤਾ, ਉਸ ਸਮੇਂ 157 ਕਲਾਕ੍ਰਿਤੀਆਂ ਅਤੇ ਪੁਰਾਤਨ ਚੀਜ਼ਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਸੀ। ਜਿਸ ਵਿੱਚ 16 ਕਲਾਕ੍ਰਿਤੀਆਂ ਅਤੇ ਪੁਰਾਤਨ ਚੀਜ਼ਾਂ ਬੋਧੀ ਧਰਮ ਨਾਲ ਸਬੰਧਿਤ ਹਨ। ਨਰੇਂਦਰ ਮੋਦੀ ਸਰਕਾਰ ਨੇ ਭਗਵਾਨ ਗੌਤਮ ਬੁੱਧ ਦੇ ਜੀਵਨ ਦਰਸ਼ਨ ਨੂੰ ਅਧਾਰ ਮੰਨ ਕੇ ਆਲਮੀ ਸ਼ਾਂਤੀ, ਭਾਈਚਾਰਾ ਅਤੇ ਸਹਿਣਸ਼ੀਲਤਾ ਪ੍ਰਤੀ ਆਪਣੀ ਜਵਾਬਦੇਹੀ ਸੁਨਿਸ਼ਚਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਭਾਰਤ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਅਜਿਹੇ ਵਿੱਚ ਮਹਾਤਮਾ ਗੌਤਮ ਬੁੱਧ ਦੇ ਜੀਵਨ ਦਰਸ਼ਨ ਨੂੰ ਆਤਮਸਾਤ ਕਰਕੇ, ਅਸੀਂ ਇੱਕ ਨਵੇਂ ਭਾਰਤ ਅਤੇ ਅਤੁਲਯ ਭਾਰਤ (Incredible India) ਦਾ ਨਿਰਮਾਣ ਕਰਨ ਵਿੱਚ ਸਮਰੱਥ ਹੋਵਾਂਗੇ।



(*ਜੀ. ਕਿਸ਼ਨ ਰੈੱਡੀ, ਭਾਰਤ ਸਰਕਾਰ ਦੇ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ ਹਨ।)


Leave a Reply

Your email address will not be published. Required fields are marked *

0 Comments